ਦਲ ਬਦਲੂਆਂ ਤੋਂ ਲੋਕਤੰਤਰ ਨੂੰ ਵੱਡਾ ਖਤਰਾ : ਬਹਿਰੂ
ਦਲ ਬਦਲੂਆਂ ਤੋਂ ਲੋਕਤੰਤਰ ਨੂੰ ਵੱਡਾ ਖਤਰਾ: ਬਹਿਰੂ
Publish Date: Tue, 28 Apr 2026 04:20 PM (IST)
Updated Date: Tue, 28 Apr 2026 04:22 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਦਿਨ ਪ੍ਰਤੀ ਦਿਨ ਵਧ ਰਹੇ ਦਲ ਬਦਲੂ ਰੁਝਾਨ ’ਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਰੁਝਾਨ ਪਹਿਲਾਂ ਹੇਠਲੇ ਪੱਧਰ ਤੇ ਰਾਜਸੀ ਪਾਰਟੀਆਂ ਨਾਲ ਜੁਡ਼ੇ ਵਰਕਰਾਂ ਤੇ ਸਰਗਰਮ ਆਗੂਆਂ ਵਿਚ ਸੀ, ਪਰ ਹੁਣ ਤਾਂ ਰਾਜਸੀ ਪਾਰਟੀਆਂ ਵਿਚ ਵੱਡੇ ਰੁਤਬਿਆਂ ਤੇ ਬੈਠੇ ਲੋਕ ਦਲ ਬਦਲਣ ਲੱਗੇ ਰਤਾ ਸ਼ਰਮ ਮਹਿਸੂਸ ਨਹੀਂ ਕਰਦੇ। ਉਨ੍ਹਾਂ ਤਾਜ਼ਾ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਇਕ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਪਾਰਟੀ ਤੋਂ ਬਾਗੀ ਹੋ ਕੇ ਹੋਰ ਪਾਰਟੀ ਵਿਚ ਚਲੇ ਜਾਣ ਤਾਂ ਲੋਕਤੰਤਰ ਕਿਥੇ ਰਹਿ ਗਿਆ। ਬਹਿਰੂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਤੇ ਸਵਾਲ ਕੀਤਾ ਕਿ ਜਦੋਂ ਤੁਸੀਂ ਪਾਰਟੀ ਨਾਲ ਜੁਡ਼ੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਵੱਡੇ ਕਾਰੋਬਾਰੀਆਂ ਤੋਂ ਪਾਰਟੀ ਲਈ ਮੋਟੇ ਫੰਡ ਲੈ ਕੇ ਰਾਜ ਸਭਾ ਵਿਚ ਭੇਜੋਗੇ ਤਾਂ ਉਹ ਆਪਣਾ ਕਾਰੋਬਾਰ ਸੁਰੱਖਿਅਤ ਰੱਖਣ ਲਈ ਮੌਜੂਦਾ ਕੇਂਦਰ ਸਰਕਾਰ ਦੀ ਗੋਦ ਦਾ ਨਿੱਘ ਮਾਨਣਗੇ ਹੀ। ਬਹਿਰੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਲ ਬਦਲੂ ਰੁਝਾਨ ਇੱਕਲੀ ਆਮ ਆਦਮੀ ਪਾਰਟੀ ਵਿਚ ਨਹੀਂ ਇਹ ਤਾਂ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੋਂ ਤੱਕ ਲੋਕ ਵੇਖ ਚੁੱਕੇ ਹਨ ਕਿ ਜਦੋਂ ਕਿਸੇ ਸੂਬੇ ਵਿਚ ਦਲ ਬਦਲੂ ਵੱਡੀ ਘਟਨਾ ਵਾਪਰਦੀ ਹੈ ਤਾਂ ਦੇਸ਼ ਦੀ ਨਿਆਂਪਾਲਿਕਾ ਦਿਨ ਦੀ ਬਜਾਏ ਰਾਤ ਨੂੰ ਬਹਿਣ ਲੱਗ ਪਵੇ ਤਾਂ ਲੋਕਤੰਤਰ ਨੂੰ ਇਸ ਤੋਂ ਵੱਡਾ ਖਤਰਾ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਵੱਡੇ ਸੰਘਰਸ਼ ਤੋਂ ਬਾਅਦ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਅਤੇ ਪੂਰੀ ਦੁਨੀਆਂ ਵਿਚ ਭਾਰਤ ਦਾ ਲੋਕਤੰਤਰ ਸਲਾਹਿਆ ਜਾਂਦਾ ਸੀ ਅਤੇ ਲੋਕਤੰਤਰ ਦੀ ਸ਼ੁਰੂਆਤ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ ਅਤੇ ਸ਼ਹਿਰੀ ਨਗਰ ਪਾਲਿਕਾ ਰਾਹੀਂ ਵੋਟ ਦੀ ਵਰਤੋਂ ਕਰਕੇ ਆਪਣੇ ਨੁਮਾਇੰਦੇ ਚੁਣਦੇ ਸਨ ਪਰ ਹੁਣ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਲੋਕ ਤੰਤਰ ਦਾ ਕਤਲ ਕਰਕੇ ਜਿਸ ਦੀ ਲਾਠੀ ਉਸਦੀ ਬੈਂਸ ਫਾਰਮੂਲੇ ਮੁਤਾਬਿਕ ਹੀ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ ਤੇ ਸ਼ਹਿਰੀ ਨਗਰ ਨਿਗਮ ਉਸਦੀਆਂ ਹੋਕੇ ਰਹਿ ਚੁੱਕੀਆਂ ਹਨ। ਇਸ ਲਈ ਵੱਡੀ ਰਾਜਨੀਤਕ ਚਿੰਤਾ ਨੂੰ ਰੋਕਣ ਲਈ ਵੋਟਰਾਂ ਕੋਲ ਇੱਕੋ ਹੀ ਪਾਸਾ ਬੱਚਿਆਂ ਹੈ ਕਿ ਦੱਲ ਬਦਲੂਆਂ ਨੂੰ ਅਜਿਹਾ ਸਬਕ ਸਿਖਾਓ ਤਾਂ ਕਿ ਦੱਲ ਬਦਲਣ ਦੀ ਕੋਈ ਹਿੰਮਤ ਨਾ ਕਰ ਸਕੇ।