ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਡਾ. ਕਾਲੇਪਾਣੀ ਸਬੰਧੀ ਸਮਾਗਮ
ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਸਮਾਗਮ
Publish Date: Sat, 18 Apr 2026 08:25 PM (IST)
Updated Date: Sun, 19 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਦੇਸ਼ ਭਗਤ ਤੇ ਸਾਹਿਤਕਾਰ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਹੈ। ਜਿਸ ਦੌਰਾਨ ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਡਾ. ਕਾਲੇਪਾਣੀ ਬਾਰੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦੇ ਪਾਠ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ। ਜਸਵੰਤ ਸਿੰਘ ਜ਼ਫ਼ਰ ਨੇ ‘ਕਾਲੇਪਾਣੀ ਦਾ ਹੰਸ’ ਸਿਰਲੇਖ ਤਹਿਤ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸਾਹਿਤ ਸਿਰਜਣਾ ਤੇ ਕੁਰਬਾਨੀ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ। ਡਾ. ਆਤਮਜੀਤ ਨੇ ਆਪਣੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਰਾਹੀਂ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀ ਬਾਰੇ ਬਹੁਤ ਸਾਰੀਆਂ ਅਣਛੋਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਟਕ ਰਾਹੀਂ ਡਾ. ਕਾਲੇਪਾਣੀ ਦੀ ਸ਼ਖ਼ਸੀਅਤ ਨੂੰ ਸੱਚੀ-ਸੁੱਚੀ ਕਿਰਤ, ਵਿਦਵਤਾ ਭਰਪੂਰ, ਸਾਂਝੀਵਾਲਤਾ ਦੇ ਹਾਮੀ, ਦੇਸ਼ ਭਗਤੀ ਦੇ ਮੁਜੱਸਮੇ ਵਜੋਂ ਉਭਾਰਿਆ। ਆਪਣੇ ਪ੍ਰਧਾਨਗੀ ਭਾਸ਼ਣ ’ਚ ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਸਾਹਿਤ ਦੀਆਂ ਹੋਰਨਾਂ ਵਿਧਾਵਾਂ ’ਚ ਕਲਪਨਾ ਸ਼ਾਮਲ ਕੀਤੀ ਜਾ ਸਕਦੀ ਹੈ ਪਰ ਨਾਟਕ ਨੂੰ ਯਥਾਰਥ ਦੇ ਵਧੇਰੇ ਨੇੜੇ ਰੱਖਣਾ ਪੈਂਦਾ ਹੈ। ਡਾ. ਆਤਮਜੀਤ ਨੇ ਕਿਹਾ ਕਿ ਅਜਿਹੇ ਇਤਿਹਾਸਿਕ ਨਾਟਕ ਲਿਖਣੇ ਬਹੁਤ ਹੀ ਸੰਵੇਦਨਸ਼ੀਲ ਤੇ ਜੋਖ਼ਮ ਭਰਪੂਰ ਹੁੰਦੇ ਹਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਪਦਮਸ਼੍ਰੀ ਪ੍ਰਾਣ ਸੱਭਰਵਾਲ, ਰੰਗਕਰਮੀ ਰਾਜੇਸ਼ ਸ਼ਰਮਾ, ਹਰਜੀਤ ਕੈਂਥ, ਡਾ. ਕਾਲੇਪਾਣੀ ਦੇ ਸਬੰਧੀ ਰਾਜਿੰਦਰ ਸਿੰਘ ਛਿੰਦਾ ਆਸਟਰੇਲੀਆ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ, ਡਾ. ਅਤੈ ਸਿੰਘ. ਡਾ. ਸੁਨੀਲ ਭਾਟੀਆ ਦਿੱਲੀ, ਡਾ. ਬਲਵੀਰ ਕੌਰ ਪੰਧੇਰ, ਗੁਰਚਰਨ ਪਬਰਾਲੀ, ਅਵਤਾਰਜੀਤ ਸਿੰਘ, ਪ੍ਰੋ. ਘੁੰਮਣ, ਭਾਸ਼ੋ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਅਤੇ ਵੱਡੀ ਗਿਣਤੀ ’ਚ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਸਨ।