ਸਫ਼ਾਈ ਕਾਮਿਆਂ ਦੇ ਹੱਕ ’ਚ ਆਇਆ ਭਾਰਤੀਯ ਅੰਬੇਡਕਰ ਮਿਸ਼ਨ
ਸਫ਼ਾਈ ਕਾਮਿਆਂ ਦੇ ਹੱਕ ’ਚ ਆਇਆ ਭਾਰਤੀਯ ਅੰਬੇਡਕਰ ਮਿਸ਼ਨ
Publish Date: Sun, 10 May 2026 03:59 PM (IST)
Updated Date: Mon, 11 May 2026 04:00 AM (IST)

ਸਫਾਈ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਤੁਰੰਤ ਪੂਰੀਆਂ ਕਰੇ ਸਰਕਾਰ : ਦਰਸ਼ਨ ਕਾਂਗੜਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦਾ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਖੁੱਲ੍ਹ ਕੇ ਸਮਰਥਨ ਕਰਦਿਆਂ ਸ਼ਹਿਰ ਦੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਪ੍ਰਤੀ ਆਪਣੀ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਿਹਨਤਕਸ਼ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਆਮ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਹੋਵੇਗਾ ਕਿ ਇਨ੍ਹਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਹਨ ਪਰ ਅਸਲੀਅਤ ’ਚ ਇਹ ਕਰਮਚਾਰੀ ਸਿਰਫ 10 ਤੋਂ 12 ਹਜ਼ਾਰ ਰੁਪਏ ਦੀ ਮਾਮੂਲੀ ਤਨਖਾਹ ’ਤੇ ਗੁਜ਼ਾਰਾ ਕਰ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ’ਚ ਇੰਨੀ ਘੱਟ ਰਕਮ ਨਾਲ ਘਰ ਦਾ ਖਰਚਾ ਚਲਾਉਣਾ ਅਸੰਭਵ ਹੈ। ਸਫਾਈ ਕਰਮਚਾਰੀ ਬੀਤੀ 6 ਤਰੀਕ ਤੋਂ ਲਗਾਤਾਰ ਹੜਤਾਲ ’ਤੇ ਹਨ, ਜਿਸ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕੂੜਾ-ਕਰਕਟ ਗਲੀਆਂ ’ਚ ਖਿਲਾਰਨ ਦੀ ਬਜਾਏ ਉਸ ਨੂੰ ਇਕ ਨਿਸ਼ਚਿਤ ਥਾਂ ’ਤੇ ਇਕੱਠਾ ਕਰ ਕੇ ਰੱਖਣ ਤਾਂ ਜੋ ਸ਼ਹਿਰ ’ਚ ਗੰਦਗੀ ਨਾ ਫੈਲੇ। ਉਨ੍ਹਾਂ ਉਮੀਦ ਜਤਾਈ ਕਿ ਜੇਕਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਮੰਨ ਲੈਂਦੀ ਹੈ, ਤਾਂ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ’ਤੇ ਆ ਜਾਵੇਗੀ ਤੇ ਸਫਾਈ ਸੇਵਕਾਂ ਨੂੰ ਵੀ ਇਨਸਾਫ਼ ਮਿਲੇਗਾ।