ਭਾਕਿਯੂ ਡਕੌਂਦਾ ਨੇ ਸੰਗਰੂਰ ਸੈਂਟਰਲ ਬੈਂਕ ਦਾ ਕੀਤਾ ਘਿਰਾਓ
ਭਾਕਿਯੂ ਡਕੌਂਦਾ ਨੇ ਸੰਗਰੂਰ ਸੈਂਟਰਲ ਬੈਂਕ ਦਾ ਕੀਤਾ ਘਿਰਾਓ
Publish Date: Fri, 08 May 2026 06:02 PM (IST)
Updated Date: Sat, 09 May 2026 04:09 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਆਲੇਰਕੋਟਲਾ ਨੇ ਸਾਂਝੇ ਤੌਰ ’ਤੇ ਸਥਾਨਕ ਸੈਂਟਰਲ ਕੋਆਪ੍ਰੇਟਿਵ ਬੈਂਕ ਦਾ ਘਿਰਾਓ ਕਰਕੇ ਤਿੰਨ ਜ਼ਿਲ੍ਹਿਆਂ ਦੇ ਪ੍ਰਮੁੱਖ ਪ੍ਰਬੰਧਕ ਮੈਨੇਜਰ ਦੀ ਮਨਮਾਨੀਆਂ ਖ਼ਿਲਾਫ਼ ਭੜਾਸ ਕੱਢੀ। ਇਸ ਸਮੇਂ ਰੋਸ਼ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਵਿਚ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀਆਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਇਨ੍ਹਾਂ ਉੱਚ ਅਧਿਕਾਰੀਆਂ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਹੱਦ ਕਰਜ਼ੇ ਦੇਣ ਤੋਂ ਹੱਥ ਪਿੱਛੇ ਖਿੱਚੇ ਹਨ ਤੇ ਵਧੇ ਹੋਏ ਹੱਦ ਕਰਜ਼ੇ ਜਾਰੀ ਕਰਨ ਵਾਲਾ ਪੱਤਰ ਵਾਪਸ ਲਿਆ ਗਿਆ ਹੈ। ਜ਼ੋ ਕਿ ਕਿਸਾਨ ਵਿਰੋਧੀ ਰਵੱਈਆ ਹੈ। ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਉੱਚ ਅਧਿਕਾਰੀ ਇਸ ਅਦਾਰੇ ਦੇ ਰਜਿਸਟਰਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦੇ ਹਨ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਤੌਰ ’ਤੇ ਬਲਾਕ ਪੱਧਰ ਦੇ ਬੈਂਕਾਂ ਨੂੰ ਜੁਬਾਨੀ ਕਿਸਾਨ ਮਾਰੂ ਹੁਕਮ ਚਾੜ੍ਹੇ ਜਾਂਦੇ ਹਨ। ਜਿਵੇਂ ਉਪਰੋ ਨਵੇਂ ਮੈਂਬਰ ਬਣਾਉਣ ’ਤੇ ਕੋਈ ਰੋਕ ਨਹੀਂ ਪਰ ਇਹ ਜ਼ਿਲ੍ਹਾ ਮੈਨੇਜਰ ਜੁਬਾਨੀ ਹੇਠਲੇ ਅਧਾਰਿਆ ਨੂੰ ਹੁਕਮ ਚੜਾ ਨਵੇਂ ਮੈਂਬਰਾਂ ’ਤੇ ਰੋਕ ਲਾਈ ਬੈਠਾ। ਇਸ ਕਾਰਨ ਕਿਸਾਨਾਂ ਦਾ ਇਸ ਅਧਿਕਾਰੀ ’ਤੇ ਗੁੱਸਾ ਫੁੱਟਿਆ। ਜ਼ਿਲ੍ਹਾ ਜਰਨਲ ਸਕੱਤਰ ਸਤਨਾਮ ਸਿੰਘ ਕਿਲਾ ਭਰੀਆਂ ਨੇ ਕਿਹਾ ਜੇਕਰ ਹੱਦ ਕਰਜਾ ਵਧਾਉਣ ਦਾ ਫੈਸਲਾ ਲਾਗੂ ਨਾ ਹੋਇਆ ਤਾ ਆਉਣ ਵਾਲੇ ਦਿਨਾਂ ’ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਬਰਨਾਲਾ, ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ, ਬਲਾਕ ਪ੍ਰਧਾਨ ਨਾਜਮ ਸਿੰਘ ਪੂੰਨਾਵਾਲ, ਧੂਰੀ ਬਲਾਕ ਪ੍ਰਧਾਨ ਬਿੰਦਰ ਪਾਲ, ਬਲਾਕ ਪ੍ਰਧਾਨ ਬਿੰਦਰਪਾਲ ਛਾਜਲੀ ਮੌਜੂਦ ਸਨ।