ਭੈਣੀ ਕਲਾਂ ਸਹਿਕਾਰੀ ਸਭਾ ਦਾ ਵਿਵਾਦ ਭਖਿਆ
ਭੈਣੀ ਕਲਾਂ ਸਹਿਕਾਰੀ ਸਭਾ ਦਾ ਵਿਵਾਦ ਭਖਿਆ: ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ
Publish Date: Sun, 03 May 2026 05:07 PM (IST)
Updated Date: Sun, 03 May 2026 05:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੀ ਭੈਣੀ ਕਲਾਂ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੇਵਾ ਸਭਾ ਲਿਮਿ. ਵਿਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਸੁਸਾਇਟੀ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਇਸ ਦੇ ਅਧੀਨ ਆਉਂਦੇ ਪੰਜ ਪਿੰਡਾਂ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਤਿੰਦਰ ਸਿੰਘ ਬੱਬੂ ਭੈਣੀ ਕਲਾਂ ਨੇ ਕਿਹਾ ਕਿ ਛੇ ਮੈਂਬਰਾਂ - ਭਰਪੂਰ ਸਿੰਘ ਪਤਾਰਸੀ ਕਲਾਂ, ਬਲਵਿੰਦਰ ਕੌਰ ਹਰਜਿੰਦਰ ਕੌਰ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਕੋਰਮ ਪੂਰਾ ਹੋਣ ਦੇ ਬਾਵਜੂਦ ਸੁਸਾਇਟੀ ਦਾ ਕੰਮਕਾਰ ਠੱਪ ਪਿਆ ਹੈ ਅੱਜ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸੁਸਾਇਟੀ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੁਸਾਇਟੀ ਦੇ 11 ਮੈਂਬਰਾਂ ’ਚੋਂ 6 ਮੈਂਬਰਾਂ ਦਾ ਕੋਰਮ ਪੂਰਾ ਹੋਣ ਅਤੇ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਦਾ ਮਤਾ ਪੈਣ ਦੇ ਬਾਵਜੂਦ ਪ੍ਰਸ਼ਾਸਨ ਇਸ ਨੂੰ ਮਾਨਤਾ ਨਹੀਂ ਦੇ ਰਿਹਾ। ਕਿਸਾਨਾਂ ਦੇ ਕਹਿਣ ਅਨੁਸਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਕਿਸਾਨਾਂ ਨੇ ਦੱਸਿਆ ਕਿ ਸੁਸਾਇਟੀ ਬੰਦ ਹੋਣ ਕਾਰਨ ਕਰੋੜਾਂ ਰੁਪਏ ਦੀ ਰਿਕਵਰੀ ਰੁਕੀ ਹੋਈ ਹੈ। ਲੋਕਾਂ ਨੂੰ ਡੀਜ਼ਲ, ਖਾਦ ਅਤੇ ਪਸ਼ੂਆਂ ਦੀ ਫੀਡ ਲੈਣ ਵਿਚ ਭਾਰੀ ਦਿੱਕਤ ਆ ਰਹੀ ਹੈ। ਤੇਲ ਪੰਪ ਬੰਦ ਹੋਣ ਕਾਰਨ ਖੇਤਾਂ ਵਿਚ ਲੇਜ਼ਰ ਲੈਂਡ ਲੈਵਲਰ ਅਤੇ ਵਾਹੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਸੁਸਾਇਟੀ ਵਿਚ ਜਮ੍ਹਾਂ ਹਨ, ਉਹ ਆਪਣੀ ਲੋੜ ਲਈ ਪੈਸੇ ਨਹੀਂ ਕਢਵਾ ਸਕਦੇ। ਮੌਕੇ ’ਤੇ ਮੌਜੂਦ ਮੈਂਬਰਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਦੂਜੇ ਨੰਬਰ ਦੀ ਇਸ ਮੁਨਾਫੇ ਵਾਲੀ ਸੁਸਾਇਟੀ ਨੂੰ ਸਿਆਸੀ ਜਾਂ ਪ੍ਰਸ਼ਾਸਨਿਕ ਕਾਰਨਾਂ ਕਰਕੇ ਬੰਦ ਰੱਖਣਾ ਕਿਸਾਨੀ ਨਾਲ ਵੱਡਾ ਧੱਕਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਚੁਣੇ ਹੋਏ ਨੁਮਾਇੰਦਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਭੈਣੀ ਕਲਾਂ, ਸੁਖਦੇਵ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਜਵਾਲਾ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਭੈਣੀ ਕਲਾ, ਗੁਰਤੇਜ ਸਿੰਘ, ਜਤਿੰਦਰ ਸਿੰਘ, ਗੁਰਮਿੰਦਰ ਸਿੰਘ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਨੈਬ ਸਿੰਘ ,ਧਰਮਿੰਦਰ ਸਿੰਘ, ਮਨਦੀਪ ਸਿੰਘ, ਰਣਵੀਰ ਸਿੰਘ ਆਦਿ ਮੌਜੂਦ ਸਨ। ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲੈਕਸ਼ਨ ਪਟੀਸ਼ਨ ਕਾਰਨ ਮਾਮਲਾ ਵਿਚਾਰ ਅਧੀਨ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਦੋਵਾਂ ਧਿਰਾਂ ਦੀ ਸੁਣਵਾਈ ਕਰ ਕੇ ਕੋਈ ਠੋਸ ਫੈਸਲਾ ਲਿਆ ਜਾਵੇਗਾ।