ਔਰਤਾਂ ਦੇ ਅਪਮਾਨ ਲਈ ਭਗਵੰਤ ਮਾਨ ਮਾਫ਼ੀ ਮੰਗੇ : ਸ਼ਰਮਾ
ਔਰਤਾਂ ਦੇ ਅਪਮਾਨ ਲਈ ਭਗਵੰਤ ਮਾਨ ਮਾਫ਼ੀ ਮੰਗੇ : ਸ਼ਰਮਾ
Publish Date: Thu, 12 Mar 2026 04:58 PM (IST)
Updated Date: Thu, 12 Mar 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਤੇ ਭਾਸ਼ਣ ’ਚ ਵਰਤੀ ਗਈ ਭਾਸ਼ਾ ਨੂੰ ਔਰਤਾਂ ਦਾ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ ਆਪਣੇ ਵਿਦਿਆਰਥੀ ਜੀਵਨ ਦਾ ਜਿਹੜਾ ਕਿੱਸਾ ਜਨਤਕ ਤੌਰ ’ਤੇ ਸਾਂਝਾ ਕੀਤਾ, ਉਹ ਔਰਤਾਂ ਦੀ ਸ਼ਾਨ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਲੋਕਤੰਤਰੀ ਪਰੰਪਰਾਵਾਂ ਦੀ ਉਲੰਘਣਾ ਵੀ ਕਰਦਾ ਹੈ। ਮਨਜੀਤ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪਣੇ ਇਸ ਬਿਆਨ ਲਈ ਜਨਤਕ ਤੌਰ ’ਤੇ ਔਰਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਾ ਅਹੁਦਾ ਰਾਜ ਦੇ ਮੁਖੀ ਵਰਗਾ ਹੁੰਦਾ ਹੈ ਪਰ ਭਗਵੰਤ ਮਾਨ ਇਸ ਅਹੁਦੇ ’ਤੇ ਬੈਠ ਕੇ ਵੀ ਕਾਮੇਡੀਅਨ ਵਾਂਗ ਵਿਵਹਾਰ ਕਰ ਰਹੇ ਹਨ। ਔਰਤ ਸ਼ਕਤੀ ਦੇ ਸਨਮਾਨ ਵਾਲੇ ਸਮਾਗਮ ਦੌਰਾਨ ਵਰਤੀ ਗਈ ਸ਼ਬਦਾਵਲੀ ਨੂੰ ਉਨ੍ਹਾਂ ਨੇ ਲੋਕਤੰਤਰ ਲਈ ਸ਼ਰਮਨਾਕ ਦੱਸਿਆ। ਉਨ੍ਹਾਂ ਯਾਦ ਕਰਵਾਇਆ ਕਿ ਸਨਾਤਨ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੇ ਔਰਤ ਨੂੰ ਬਹੁਤ ਉੱਚਾ ਸਥਾਨ ਦਿੱਤਾ ਹੈ। ਔਰਤ ਇੱਕ ਮਾਂ, ਧੀ, ਘਰ ਦੀ ਲਕਸ਼ਮੀ ਅਤੇ ਮਨੁੱਖੀ ਜੀਵਨ ਦੀ ਨੀਂਹ ਹੁੰਦੀ ਹੈ। ਮਨਜੀਤ ਸ਼ਰਮਾ ਨੇ ਕਿਹਾ ਕਿ ਇਸ ਬਿਆਨ ਨਾਲ ਨਾ ਸਿਰਫ਼ ਔਰਤਾਂ ਦਾ ਅਪਮਾਨ ਹੋਇਆ ਸਗੋਂ ਮੁੱਖ ਮੰਤਰੀ ਦੇ ਅਹੁਦੇ ਦੀ ਸ਼ਾਨ ਵੀ ਢਾਹ ਲੱਗੀ ਹੈ।