ਬਹਾਦਰਗੜ੍ਹ ਦੇ ਇਲਾਕੇ ’ਚ ਵਾਪਰੀ ਲੁੱਟ ਖੋਹ ਦੀ ਵੱਡੀ ਵਾਰਦਾਤ
ਬਹਾਦਰਗੜ੍ਹ ਦੇ ਇਲਾਕੇ ’ਚ ਵਾਪਰੀ ਲੁੱਟ ਖੋਹ ਦੀ ਵੱਡੀ ਵਾਰਦਾਤ
Publish Date: Wed, 13 May 2026 05:52 PM (IST)
Updated Date: Wed, 13 May 2026 05:54 PM (IST)

ਫੋਟੋ 13ਪੀਟੀਐਲ: 17 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਬਹਾਦਰਗੜ੍ਹ ਦੇ ਇਲਾਕੇ ’ਚ ਮੰਗਲਵਾਰ ਰਾਤ ਨੂੰ ਇੱਕ ਵੱਡੀ ਲੁੱਟ ਖੋਹ ਦੀ ਵਾਰਦਾਤ ਵਾਪਰੀ ਹੈ ਜਿਸ ’ਚ ਦੌਣਕਲਾਂ ਮੋੜ ਨੇੜੇ ਪਟਿਆਲਾ ਰਾਜਪੁਰਾ ਹਾਈਵੇ ’ਤੇ ਬੇਖੌਫ ਲੁਟੇਰੇ 4 ਕਾਰ ਸਵਾਰ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਉਨਾਂ ਤੋਂ ਕਾਰ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਏ ਰਤਨ ਸਿੰਘ ਨੇ ਦੱਸਿਆ ਕਿ ਉਹ ਬਿਕਰਮ ਕਾਲਜ ਪਟਿਆਲਾ ਵਿਖੇ ਅਸਿਸਟੈਂਟ ਪ੍ਰੋਫੈਸਰ ਹੈ ਅਤੇ ਉਸ ਨਾਲ ਉਸ ਦੇ ਦੋਸਤ ਜੋਧਾ ਸਿੰਘ ਅਸਿਸਟੈਂਟ ਪ੍ਰੋਫੈਸਰ ਮਹਿੰਦਰਾ ਕਾਲਜ ਪਟਿਅਲਾ, ਹਰਪ੍ਰੀਤ ਸਿੰਘ ਪੀਐਚਡੀ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸੰਜੂ ਕੁਮਾਰ ਵਿਦਿਆਰਥੀ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਕਿ ਚਾਰੇ ਦੋਸਤ ਰਾਤ ਨੂੰ 10.30 ਵਜੇ ਦੇ ਕਰੀਬ ਖਾਣਾ ਖਾ ਕੇ ਆਪਣੀ ਆਲਟੋ ਕਾਰ ’ਤੇ ਘੁੰਮਣ ਲਈ ਬਹਾਦਰਗੜ੍ਹ ਸਾਈਡ ਆਏ ਸਨ। ਉਹ ਜਦੋਂ ਬਹਾਦਰਗੜ੍ਹ ਪੁਲ ਉਤਰ ਕੇ ਦੌਣਕਲਾਂ ਮੋੜ ਨੇੜੇ ਸਰਵਿਸ ਰੋਡ ’ਤੇ ਖੜ੍ਹ ਕੇ ਗੱਲਾਂ ਕਰ ਰਹੇ ਸਨ ਤਾਂ ਅਚਾਨਕ ਦੋ ਮੋਟਰਸਾਈਕਲਾਂ ’ਤੇ ਆਏ 6 ਹਥਿਆਰਬੰਦ ਲੁਟੇਰਿਆਂ ਨੇ ਉਨਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨਾਂ ਨੂੰ ਜ਼ਖ਼ਮੀ ਕਰਕੇ ਉਨਾਂ ਦੀ ਕਾਰ ਅਤੇ ਮੋਬਾਈਲ ਖੋਹ ਕੇ ਲੈ ਗਏ। ਇਸ ਵਾਰਦਾਤ ’ਚ ਜੋਧਾ ਸਿੰਘ ਦੇ ਹੱਥ ਦੀ ਉਂਗਲ ਕੱਟੀ ਗਈ ਜੋ ਕਿ ਹਸਪਤਾਲ ’ਚ ਜ਼ੇਰੇ ਇਲਾਜ ਹੈ, ਰਤਨ ਸਿੰਘ ਦੀ ਬਾਂਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਸੰਜੂ ਕੁਮਾਰ ਦੀ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਕਈ ਟਾਂਕੇ ਲੱਗੇ ਹਨ। ਇਸ ਸਬੰਧੀ ਪੁਲਿਸ ਚੌਕੀ ਬਹਾਦਰਗੜ੍ਹ ਨੂੰ ਰਾਤ ਨੂੰ ਹੀ ਸੂਚਨਾ ਦੇ ਦਿੱਤੀ ਸੀ ਅਤੇ ਅੱਜ ਪੁਲਿਸ ਨੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਬਹਾਦਰਗੜ੍ਹ ’ਚ ਚੋਰ ਲੁਟੇਰੇ ਚੁਸਤ ਅਤੇ ਪੁਲਿਸ ਸੁਸਤ : ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਬਹਾਦਰਗੜ੍ਹ ਨੇੜਲੇ ਪਿੰਡ ਮਹਿਮਦਪੁਰ ਜੱਟਾਂ ਵਿਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਈ ਇੱਕ ਔਰਤ ਦੇ ਪਰਸ ’ਚੋਂ ਚੋਰ 10 ਲੱਖ ਦੇ ਸੋਨੇ ਦੇ ਗਹਿਣੇ ਉਡਾ ਕੇ ਲੈ ਗਏ ਸਨ। ਬਹਾਦਰਗੜ੍ਹ ਦੀ ਧਰਮਸ਼ਾਲਾ ’ਚੋਂ ਚੋਰ ਮੋਟਰ ਚੋਰੀ ਕਰਕੇ ਲੈ ਗਏ ਸਨ, ਬਾਜ਼ਾਰ ’ਚ ਰਾਤ ਨੂੰ ਦਰਜ਼ਨ ਦੇ ਕਰੀਬ ਹਥਿਆਰਬੰਦ ਲੁਟੇਰਾ ਚੋਰ ਗਿਰੋਹ ਨੇ ਇਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ। ਜਿਸ ਤਰ੍ਹਾਂ ਬਹਾਦਰਗੜ੍ਹ ਦੇ ਇਲਾਕੇ ’ਚ ਚੋਰ ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਪੁਲਿਸ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ’ਚ ਆਉਂਦੀ ਹੈ। ਉਥੇ ਹੀ ਪੁਲਿਸ ਦੀ ਰਾਤਰੀ ਗਸ਼ਤ ਕਰਨ ਦੇ ਦਾਅਵਿਆਂ ਦੀ ਵੀ ਪੋਲ ਖੁੱਲ ਜਾਂਦੀ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ।