ਬੀਡੀਪੀਓ ਦੇ ਰਵੱਈਏ ਖ਼ਿਲਾਫ਼ ਮੁਲਾਜ਼ਮਾਂ ’ਚ ਰੋਸ
ਬੀਡੀਪੀਓ ਦੇ ਰਵੱਈਏ ਖਿਲਾਫ਼ ਮੁਲਾਜ਼ਮਾਂ ’ਚ ਰੋਸ, ਕੀਤੀ ਨਾਅਰੇਬਾਜ਼ੀ
Publish Date: Mon, 09 Mar 2026 06:20 PM (IST)
Updated Date: Mon, 09 Mar 2026 06:24 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਦੇ ਸਮੁੱਚੇ ਪੰਚਾਇਤ ਸਕੱਤਰ, ਗ੍ਰਾਮ ਸੇਵਕਾਂ ਅਤੇ ਨਰੇਗਾ ਸਟਾਫ਼ ਵੱਲੋਂ ਪ੍ਰਧਾਨ ਅਮਰੀਕ ਸਿੰਘ ਪੀਡੀਐੱਸ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸਮੁੱਚੇ ਸਟਾਫ ਵੱਲੋਂ ਬੀਡੀਪੀਓ ਦੇ ਕਥਿਤ ਤਾਨਾਸ਼ਾਹੀ ਰਵੱਈਏ ਦੇ ਵਿਰੁੱਧ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਲੈਣ ਉਪਰੰਤ ਨਾਅਰੇਬਾਜ਼ੀ ਕੀਤੀ ਗਈ। ਪ੍ਰਧਾਨ ਅਮਰੀਕ ਸਿੰਘ ਦੇ ਦੱਸਣ ਮੁਤਾਬਿਕ ਪ੍ਰਦਰਸ਼ਨਕਾਰੀ ਮੁਲਾਜ਼ਮ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ, ਜਦੋਂ ਤੱਕ ਬੀਡੀਪੀਓ ਆਪਣਾ ਸਹਿਯੋਗੀ ਰਵੱਈਆ ਨਹੀਂ ਅਪਣਾਉਂਦੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅਧਿਕਾਰੀ ਵੱਲੋਂ ਪਟਿਆਲਾ ਤੋਂ ਬਾਹਰਲੇ ਜਿ਼ਲਿ੍ਹਆਂ/ਬਲਾਕਾਂ ਦੀ ਗੈਰ ਲੋੜੀਂਦੀ ਵਟਸਐਪ ਪੋਸਟਾਂ ਪਾ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਸਹਿਯੋਗੀ ਰੁਖ਼ ਨਾ ਅਪਣਾ ਕੇ ਦਫ਼ਤਰੀ ਕੰਮ ਕਰਵਾਉਣ ਦੀ ਅਪਣਾਈ ਜਾ ਰਹੀ ਨੀਤੀ ਠੀਕ ਨਹੀਂ ਹੈ। ਮੁਲਾਜ਼ਮਾਂ *ਚ ਬੀਡੀਪੀਓ ਖਿਲਾਫ਼ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਅਮਰੀਕ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਗੁਰਪਿੰਦਰ ਸਿੰਘ, ਮੋਹਿਤ ਸੇਠ, ਅਮਨਦੀਪ ਸਿੰਘ, ਸੁਖਬਾਜ਼ ਸਿੰਘ, ਹਰਲਾਲ ਸਿੰਘ, ਅਕਾਸ਼ਦੀਪ ਸਿੰਘ, ਗੁਰਦੀਪ ਸਿੰਘ, ਗੁਰਮੁੱਖ ਸਿੰਘ, ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।