ਬਲਵਿੰਦਰ ਸਿੰਘ ਉੜਦਣ ਆਮ ਆਦਮੀ ਪਾਰਟੀ ’ਚ ਸ਼ਾਮਲ
ਬਲਵਿੰਦਰ ਸਿੰਘ ਉੜਦਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
Publish Date: Tue, 17 Feb 2026 04:22 PM (IST)
Updated Date: Tue, 17 Feb 2026 04:24 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਦੀ ਸਿਆਸਤ ਵਿਚ ਅੱਜ ਉਸ ਵੇਲੇ ਵੱਡਾ ਮੋੜ ਆਇਆ, ਜਦੋਂ ਕਾਂਗਰਸ ਦੀ ਟਿਕਟ ’ਤੇ ਬਲਾਕ ਸੰਮਤੀ ਮੈਂਬਰ ਚੁਣੇ ਗਏ ਬਲਵਿੰਦਰ ਸਿੰਘ ਉੜਦਣ ਨੇ ਮੁੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ‘ਘਰ ਵਾਪਸੀ’ ਕੀਤੀ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਤੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਵੱਲੋਂ ਉਨ੍ਹਾਂ ਨੂੰ ਪਾਰਟੀ ਦੇ ਚਿੰਨ੍ਹ ਨਾਲ ਸਨਮਾਨਿਤ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਉੜਦਣ ਲੰਮੇ ਸਮੇਂ ਤੱਕ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ, ਪਰ ਕੁਝ ਕਾਰਨਾਂ ਕਰਕੇ ਉਹ ਕੁਝ ਸਮਾਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਬੀਤੇ ਦਿਨੀਂ ਹੋਈਆਂ ਚੋਣਾਂ ’ਚ ਉਨ੍ਹਾਂ ਨੇ ਕਾਂਗਰਸ ਦੇ ਚੋਣ-ਚਿੰਨ੍ਹ ’ਤੇ ਬਲਾਕ ਸੰਮਤੀ ਦੀ ਚੋਣ ਜਿੱਤ ਕੇ ਸਫਲਤਾ ਹਾਸਲ ਕੀਤੀ ਸੀ। ਹਾਲਾਂਕਿ, ਹਲਕਾ ਰਾਜਪੁਰਾ ਵਿਚ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਜਾਂ ਤੇ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਮੁੜ ਪਾਰਟੀ ਵਿਚ ਵਾਪਸੀ ਦਾ ਫੈਸਲਾ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਉੜਦਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਹਰ ਖੇਤਰ ’ਚ ਇਤਿਹਾਸਕ ਬਦਲਾਅ ਲਿਆਂਦੇ ਜਾ ਰਹੇ ਹਨ। ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਅਤੇ ਲੋਕ-ਭਲਾਈ ਦੀਆਂ ਯੋਜਨਾਵਾਂ ਰਾਹੀਂ ਸਰਕਾਰ ਨੇ ਆਮ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਦੀ ਬਰਾਬਰੀ ਕਰਨਾ ਵਿਰੋਧੀ ਧਿਰਾਂ ਲਈ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ਵਿਚ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਪਿੰਡਾਂ ਤੇ ਸ਼ਹਿਰੀ ਖੇਤਰਾਂ ’ਚ ਵਿਕਾਸ ਕਾਰਜਾਂ ਨਾਲ ਹਲਕੇ ਦੀ ਕਾਇਆ-ਕਲਪ ਹੋਈ ਹੈ। ਸੜਕਾਂ, ਬਿਜਲੀ, ਪਾਣੀ, ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਆਇਆ ਹੈ, ਜਿਸ ਕਰਕੇ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕਾ ਨੀਨਾ ਮਿੱਤਲ ਦੇ ਕੰਮਾਂ ਤੇ ਆਮ ਆਦਮੀ ਪਾਰਟੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੁੜ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਭਵਿੱਖ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਬਲਵਿੰਦਰ ਸਿੰਘ ਉੜਦਣ ਦੀ ਵਾਪਸੀ ਦਾ ਖੁਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਐੱਮਐੱਲਏ ਕੋਆਰਡੀਨੇਟਰ ਸਚਿਨ ਮਿੱਤਲ, ਯੂਥ ਪ੍ਰਧਾਨ ਰਾਜੇਸ਼ ਬੋਵਾ, ਸਰਪੰਚ ਪ੍ਰਦੀਪ ਸਿੰਘ ਉੜਦਣ, ਐਡਵੋਕੇਟ ਸੰਦੀਪ ਬਾਵਾ, ਗਗਨਦੀਪ ਸਿੰਘ, ਅਮਨ ਸੈਣੀ ਸਮੇਤ ਹੋਰ ਵੀ ਮੌਜੂਦ ਸਨ।