ਔਰਤਾਂ ਦੀ ਸੁਰੱਖਿਆ ਲਈ ਲਗਾਇਆ ਜਾਗਰੂਕਤਾ ਸੈਮੀਨਾਰ
ਸਰਕਾਰੀ ਪ੍ਰਾਇਮਰੀ ਸਕੂਲ ’ਚ ਔਰਤਾਂ ਦੀ ਸੁਰੱਖਿਆ ਲਈ ਲਗਾਇਆ ਜਾਗਰੂਕਤਾ ਸੈਮੀਨਾਰ
Publish Date: Fri, 15 May 2026 05:50 PM (IST)
Updated Date: Fri, 15 May 2026 05:51 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹੇ ਅੰਦਰ ਔਰਤਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਮਾਣ-ਸਨਮਾਨ ਦੀ ਰਾਖੀ ਲਈ ਸਮੇਂ-ਸਮੇਂ ਸਖੀ ਵਨ ਸਟਾਪ ਸੈਂਟਰ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਔਰਤਾਂ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ। ਇਸੇ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 15 ਸਰਹਿੰਦ ਵਿਖੇ ਇਕ ਰੋਜ਼ਾ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੂਰਤਨ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਖੀ ਵਨ ਸਟਾਪ ਸੈਂਟਰ ਵੱਲੋਂ ਮਹਿਲਾਵਾਂ ਦੇ ਲਈ ਬਣੇ ਵਿਸ਼ੇਸ਼ ਕਾਨੂੰਨ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਥਾਵਾਂ ’ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਿੰਸਾ ਪੀੜਤ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਇਕ ਹੀ ਥਾਂ ’ਤੇ ਤੁਰੰਤ ਮੁਫ਼ਤ ਅਤੇ ਜ਼ਰੂਰੀ ਸੇਵਾਵਾਂ ਉਪਲੱਬਧ ਕਰਵਾਉਂਦਾ ਹੈ। ਸੈਮੀਨਾਰ ਦੌਰਾਨ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਹਿੰਸਾ ਦੀਆਂ ਕਿਸਮਾਂ, ਰਿਪੋਰਟ ਕਰਨ ਦੇ ਤਰੀਕਿਆਂ ਅਤੇ ਕਾਨੂੰਨੀ ਹੱਕਾਂ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਪੋਸ਼ ਐਕਟ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਵੇਂ ‘ਹਿਫਾਜ਼ਤ’ ਪ੍ਰੋਜੈਕਟ ਬਾਰੇ ਵੀ ਜਾਣੂ ਕਰਵਾਇਆ ਗਿਆ। ਇਹ ਪ੍ਰੋਜੈਕਟ ਹਿੰਸਾ ਜਾਂ ਅਕਸਮਾਤ ਹਾਲਤ ਵਿੱਚ ਮਹਿਲਾਵਾਂ ਨੂੰ ਤੁਰੰਤ ਸਹਿਯੋਗ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਔਰਤਾਂ ਨੂੰ ਵੂਮੈਨ ਹੈਲਪਲਾਈਨ ਨੰਬਰ 181 ਅਤੇ ਐਮਰਜੈਂਸੀ ਨੰਬਰ 112 ਦੀ ਵਰਤੋਂ ਬਾਰੇ ਵੀ ਸਮਝਾਇਆ, ਜਿਸ ਰਾਹੀਂ ਕੋਈ ਵੀ ਔਰਤ ਕਿਸੇ ਵੀ ਸਮੇਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਇਹ ਸੈਂਟਰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਐਮਰਜੈਂਸੀ ਇਮਾਰਤ ਵਿੱਚ ਸਥਿਤ ਹੈ ਅਤੇ ਪੀੜਤ ਮਹਿਲਾਵਾਂ ਸੈਂਟਰ ਦੇ ਨੰਬਰਾਂ 01763-233054, 99881-00415 ਅਤੇ 77107-58976 ’ਤੇ ਵੀ ਸੰਪਰਕ ਕਰ ਸਕਦੀਆਂ ਹਨ।