ਜ਼ਿਲ੍ਹਾ ਹਸਪਤਾਲ ’ਚ ਜਾਗਰੂਕਤਾ ਕੈਂਪ ਲੱਗਿਆ
ਜ਼ਿਲ੍ਹਾ ਹਸਪਤਾਲ ਵਿੱਚ ਜਾਗਰੂਕਤਾ ਕੈਂਪ ਲੱਗਿਆ
Publish Date: Thu, 12 Mar 2026 06:24 PM (IST)
Updated Date: Thu, 12 Mar 2026 06:27 PM (IST)

ਫ਼ੋਟੋ ਫ਼ਾਈਲ : 19 ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਹਤ ਵਿਭਾਗ ਵੱਲੋਂ 14 ਮਾਰਚ ਤੱਕ ਵਿਸ਼ਵ ਗਲੋਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ’ਚ ਲੋਕਾਂ ਨੂੰ ਕਾਲੇ ਮੋਤੀਏ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦਾ ਮੁੱਖ ਕਾਰਨ ਹੈ ਪਰ ਸਮੇਂ ਸਿਰ ਪਤਾ ਲੱਗਣ ਨਾਲ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿੱਚ ਕਾਲੇ ਮੋਤੀਏ ਦੀ ਮੁਫਤ ਜਾਂਚ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਪੀੜਤ ਵਿਅਕਤੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕੀਤਾ ਜਾ ਸਕੇ। ਅੱਖਾਂ ਦੇ ਮਾਹਿਰ ਡਾ ਰਵਨੀਤ ਕੌਰ ਨੇ ਗਲੋਕੋਮਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਵਿੱਚ ਅਸਾਧਾਰਨ ਦਰਦ, ਪੜ੍ਹਨ ਵਾਲੇ ਚਸ਼ਮੇ ਦਾ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਿਸਣਾ, ਅੱਖਾਂ ਵਿਚ ਦਰਦ ਤੇ ਲਾਲੀ ਨਾਲ ਅਚਾਨਕ ਦ੍ਰਿਸ਼ਟੀ ਹਾਨੀ ਅਤੇ ਦ੍ਰਿਸ਼ਟੀ ਖੇਤਰ ਦਾ ਸੀਮਤ ਹੋਣਾ ਆਦਿ ਮੁੱਖ ਲੱਛਣ ਹਨ। ਅਜਿਹੇ ਲੱਛਣ ਵੇਖਣ ’ਤੇ ਤੁਰੰਤ ਅੱਖਾਂ ਦੇ ਮਾਹਰ ਨੂੰ ਦਿਖਾਉਣਾ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਇਸ ਰੋਗ ਦਾ ਇਲਾਜ ਬਿਲਕੁਲ ਮੁਫਤ ਹੈ।