ਦਿੱਤੂਪੁਰ ਜੱਟਾਂ ‘ਚ ਬੇਅਦਬੀ ਦੀ ਕੋਸ਼ਿਸ਼ ਨਾਕਾਮ, ਅੰਗ ਪਾੜਣ ਤੋਂ ਰੋਕਣ ‘ਤੇ ਕ੍ਰਿਪਾਨ ਚੁੱਕ ਕੇ ਭੱਜਿਆ ਮੁਲਜ਼ਮ
ਜਿਓਂ ਹੀ ਉਕਤ ਵਿਅਕਤੀ ਨੇ ਪਾਠ ਕਰ ਰਹੇ ਗ੍ਰੰਥੀ ਕੋਲ਼ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਤਾਂ ਗੁਰਦੁਆਰੇ ਵਿੱਚ ਹਾਜ਼ਰ ਲੋਕਾਂ ਨੇ ਉਸ ਨੂੰ ਫੜ ਲਿਆ । ਹਾਜ਼ਰ ਲੋਕ ਜਦੋਂ ਉਕਤ ਦੋਸ਼ੀ ਨੂੰ ਫੜ੍ਹਨ ਲੱਗੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਜਾਈ ਕ੍ਰਿਪਾਨ ਚੁੱਕ ਲਈ ਤੇ ਪਿੰਡ ਵੱਲ ਨੂੰ ਦੌੜ ਗਿਆ ।
Publish Date: Sat, 02 Oct 2021 08:27 PM (IST)
Updated Date: Sun, 03 Oct 2021 07:07 AM (IST)
ਮਹਿੰਦਰਪਾਲ ਬੱਬੀ, ਭਾਦਸੋਂ : ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਤੜਕਸਾਰ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਇਕ ਵਿਅਕਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਪਿੰਡ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਹੀ ਵਿਅਕਤੀ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਕੌਮ ਜੱਟ ਸਵੇਰੇ ਪੰਜ ਵਜੇ ਤੋਂ ਬਾਅਦ ਨੰਗੇ ਸਿਰ ਅਤੇ ਜੁੱਤੀ ਪਾ ਕੇ ਪਾਲਕੀ ਸਾਹਿਬ ਵਾਲੇ ਥੜੇ ‘ਤੇ ਚੜ੍ਹ ਗਿਆ।
ਜਿਓਂ ਹੀ ਉਕਤ ਵਿਅਕਤੀ ਨੇ ਪਾਠ ਕਰ ਰਹੇ ਗ੍ਰੰਥੀ ਕੋਲ਼ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਤਾਂ ਗੁਰਦੁਆਰੇ ਵਿੱਚ ਹਾਜ਼ਰ ਲੋਕਾਂ ਨੇ ਉਸ ਨੂੰ ਫੜ ਲਿਆ । ਹਾਜ਼ਰ ਲੋਕ ਜਦੋਂ ਉਕਤ ਦੋਸ਼ੀ ਨੂੰ ਫੜ੍ਹਨ ਲੱਗੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਜਾਈ ਕ੍ਰਿਪਾਨ ਚੁੱਕ ਲਈ ਤੇ ਪਿੰਡ ਵੱਲ ਨੂੰ ਦੌੜ ਗਿਆ । ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ‘ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਬਦਨਾਮੀ ਦੇ ਡਰੋਂ ਇਸ ਘਟਨਾ ਨੂੰ ਛੁਪਾਉਣਾ ਵੀ ਚਾਹਿਆ ।
ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਖਿਲਾਫ਼ ਧਾਰਾ 295ਏ,380 ਅਧੀਨ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿੰਡ ਚੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਦਿਮਾਗੀ ਤੌਰ ਤੇ ਥੋੜਾ ਪਰੇਸ਼ਾਨ ਰਹਿੰਦਾ ਹੈ ਤੇ ਬੀਤੇ ਸਮੇਂ ਕੈਂਸਰ ਹੋਣ ਕਾਰਨ ਉਸਦੀ ਇਕ ਬਾਂਹ ਵੀ ਕੱਟੀ ਹੋਈ ਹੈ। ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।