ਜੋਤਿਸ਼ ਦੇ ਨਾਂ ਤੇ ਠੱਗੀ ਕਰਨ ਵਾਲਾ ਨੌਸਰਬਾਜ਼ ਕਾਬੂ
ਜੋਤਿਸ਼ ਦੇ ਨਾਂ ਤੇ ਠੱਗੀ ਕਰਨ ਵਾਲਾ ਨੌਸਰਬਾਜ ਕਾਬੂ
Publish Date: Thu, 30 Apr 2026 05:16 PM (IST)
Updated Date: Fri, 01 May 2026 04:08 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨੇੜਲੇ ਪਿੰਡ ਬਾਸੀਅਰਖ ਦੇ ਗੁਲਾਬ ਸਿੰਘ ਨਾਲ ਜੋਤਿਸ਼ ਦੇ ਬਹਾਨੇ ਠੱਗੀ ਮਾਰਦਿਆਂ ਸਾਢੇ 5 ਤੋਲੇ ਸੋਨੇ ਦੇ ਗਹਿਣੇ ਲੈ ਕੇ ਰਫੂਚੱਕਰ ਹੋਣ ਵਾਲੇ ਨੌਸਰਬਾਜ਼ ਮੁਕੇਸ਼ ਕੁਮਾਰ ਵਾਸੀ ਸੀਕਰ ਰਾਜਸਥਾਨ ਨੂੰ ਭਵਾਨੀਗੜ੍ਹ ਪੁਲਿਸ ਨੇ ਮਾਨਸਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ਰਾਹੀਂ ਕਾਬੂ ਕੀਤਾ। ਇਸ ਸਬੰਧੀ ਘਰਾਚੋਂ ਚੌਕੀ ਇੰਚਾਰਜ ਵਰਿੰਦਰ ਸਿੰਘ ਝਿੰਜਰ ਨੇ ਦੱਸਿਆ ਕਿ ਪਿੰਡ ਬਾਸੀਅਰਕ ’ਚ ਕਿਰਾਏ ’ਤੇ ਜੋਤਿਸ਼ ਕੇਂਦਰ ਦੀ ਦੁਕਾਨ ਖੋਲ੍ਹਣ ਵਾਲੇ ਮੁਕੇਸ਼ ਕੁਮਾਰ ਖ਼ਿਲਾਫ਼ ਗੁਲਾਬ ਸਿੰਘ ਦੀ ਸ਼ਿਕਾਇਤ ’ਤੇ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਦੇ ਮੁਨਸ਼ੀ ਵੱਲੋਂ ਫੋਨ ’ਤੇ ਇਤਲਾਹ ਦਿੱਤੀ ਗਈ ਕਿ ਉਕਤ ਨੌਸਰਬਾਜ਼ ਨੂੰ ਭੀਖੀ ਪੁਲਿਸ ਵੱਲੋਂ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੇ ਤਫਤੀਸ਼ ਦੌਰਾਨ ਪਿੰਡ ਬਾਸੀਅਰਖ ਵਾਲੀ ਠੱਗੀ ਵੀ ਮੰਨੀ ਹੈ। ਜੋ ਕਿ ਹੁਣ ਮਾਨਸਾ ਜੇਲ੍ਹ ਵਿੱਚ ਬੰਦ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਰਾਹੀਂ ਦਰਖਾਸਤ ਦੇ ਕੇ ਮੁਕੇਸ਼ ਕੁਮਾਰ (ਅਸਲੀ ਨਾਂ ਇੰਦਰਜੀਤ ਸਿੰਘ) ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੁਲਿਸ ਨੌਸਰਬਾਜ਼ ਦੇ ਗਿਰੋਹ ਵਿਚ ਕੰਮ ਕਰਨ ਵਾਲੇ ਠੱਗਾਂ ਦਾ ਪਤਾ ਲਾਉਣ ਵਿਚ ਜੁੱਟ ਗਈ ਹੈ।