ਤਿੰਨ ਮਹੀਨਿਆਂ ਤੋਂ ਤਨਖਾਹ ਦੀ ਉਡੀਕ ’ਚ ਆਸ਼ਾ ਵਰਕਰਾਂ
ਆਸ਼ਾ ਵਰਕਰ ਨੇ ਤਨਖਾਹ ਅਤੇ ਭੱਤਿਆਂ ਨੂੰ ਖਾਤਿਆਂ 'ਚ ਪਾਉਣ ਦੀ ਮੰਗ ਕੀਤੀ
Publish Date: Tue, 19 May 2026 04:05 PM (IST)
Updated Date: Wed, 20 May 2026 04:01 AM (IST)

ਤਨਖਾਹ ਤੇ ਭੱਤਿਆਂ ਨੂੰ ਖਾਤਿਆਂ ’ਚ ਪਾਉਣ ਦੀ ਕੀਤੀ ਮੰਗ ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਬਲਾਕ ਸ਼ੇਰਪੁਰ ਦੀ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੇ ਮਾਣ ਭੱਤੇ ਦੀ ਤੁਰੰਤ ਅਦਾਇਗੀ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ। ਯੂਨੀਅਨ ਦੀ ਬਲਾਕ ਆਗੂ ਛਿੰਦਰ ਪਾਲ ਕੌਰ ਕਾਤਰੋਂ ਤੇ ਕਿਰਨਪਾਲ ਕੌਰ ਖੇੜੀ ਨੇ ਕਿਹਾ ਇਕ ਪਾਸੇ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਆਸ਼ਾ ਵਰਕਰਾਂ ਨੂੰ ਵਿਭਾਗ ਦੀ ਰੀੜ੍ਹ ਦੀ ਹੱਡੀ ਤਾ ਕਹਿੰਦੇ ਹਨ, ਪਰ ਦੂਜੇ ਪਾਸੇ ਉਨ੍ਹਾਂ ਉੱਪਰ ਵਾਧੂ ਕੰਮ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦਾ ਘਰੇਲੂ ਬਜਟ ਡਗਮਗਾ ਗਿਆ ਹੈ। ਆਸ਼ਾ ਵਰਕਰਾਂ ਨੂੰ ਪਹਿਲਾਂ ਹੀ ਮਹਿਜ 2500 ਰੁਪਏ ਨਿਗੂਣੀ ਤਨਖਾਹ ਦਿੱਤੀ ਜਾਂਦੀ ਹੈ ਤੇ ਮਾਣ ਭੱਤੇ ਸਮੇਂ ’ਤੇ ਨਹੀਂ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸਰਕਾਰਾਂ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਸਰਕਾਰ ਨੂੰ ਅਨੇਕ ਮੰਗ ਪੱਤਰ ਸੌਪਣ ਦੇ ਬਾਵਜੂਦ ਵੀ ਅਜੇ ਤੱਕ 2500 ਰੁਪਏ ਵਾਲੀ ਮਾਣ ਰਾਸ਼ੀ ਨੂੰ ਵਧਾਇਆ ਗਿਆ ਹੈ ਤੇ ਨਾ ਹੀ ਪੱਤਿਆਂ ’ਚ ਵਾਧਾ ਕਿਦੇ ਨਜ਼ਰ ਆ ਰਿਹਾ ਹੈ ਸਗੋਂ ਨਿੱਤ ਦਿਨ ਨਵੀਆਂ ਸਕੀਮਾਂ ਦਾ ਆਸ਼ਾ ਵਰਕਰਾਂ ’ਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਦੇ ਪੱਤੇ ਤੇ 2500 ਰੁਪਏ ਦੀ ਮਾਣ ਰਾਸ਼ੀ ਨੂੰ ਤੁਰੰਤ ਵਰਕਰਾਂ ਦੀ ਖਾਤਿਆਂ ’ਚ ਪਾਇਆ ਜਾਵੇ। ਇਸ ਮੌਕੇ ਪਰਮਜੀਤ ਕੌਰ ਸ਼ੇਰਪੁਰ, ਬਲਵਿੰਦਰ ਕੌਰ ਬਾਜਵਾ ਤੇ ਪਰਮਜੀਤ ਕੌਰ ਖੇੜੀ ਹਾਜ਼ਰ ਸਨ।