ਦੁਬਈ ਤੋਂ ਗੁਹਾਰ : ਪਟਿਆਲਾ ਦੀਆਂ ਔਰਤਾਂ ਨੇ ਸਰਕਾਰ ਤੋਂ ਮੰਗੀ ਮਦਦ, ਰੋਜ਼ਾਨਾ ਲੰਗਰ ਲਈ ਤੈਅ ਕਰਨਾ ਪੈ ਰਿਹਾ 15 ਕਿਲੋਮੀਟਰ ਦਾ ਸਫਰ
ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨਾਲ ਸੰਪਰਕ ਸਾਧਿਆ ਹੈ। ਇਸ ਦੇ ਨਾਲ ਹੀ ਦੁਬਈ ਸਥਿਤ ਭਾਰਤੀ ਦੂਤਾਵਾਸ ਤੋਂ ਵੀ ਸਹਾਇਤਾ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਦੀ ਹੈਲਪਲਾਈਨ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਸਿਰਫ਼ ਯੂਏਈ ਵਿੱਚ ਭਾਰਤੀ ਐਂਬੈਸੀ ਦਾ ਨੰਬਰ ਅਤੇ ਈਮੇਲ ਦਿੱਤੀ। ਜਿਸ ਤੋਂ ਬਾਅਦ ਸਮਾਜ ਸੇਵੀ ਅਮਨਦੀਪ ਸਿੰਘ ਨੇ ਯੂਏਈ ਵਿੱਚ ਭਾਰਤੀ ਐਂਬੈਸੀ ਨਾਲ ਸੰਪਰਕ ਕੀਤਾ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ
Publish Date: Thu, 05 Mar 2026 04:51 PM (IST)
Updated Date: Thu, 05 Mar 2026 04:58 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੀ ਜੰਗ ਨੇ ਖਾੜੀ ਦੇਸ਼ਾਂ ਦੀਆਂ ਉਡਾਣਾਂ 'ਤੇ ਮਾੜਾ ਅਸਰ ਪਾਇਆ ਹੈ। ਇਸ ਕਾਰਨ ਛੁੱਟੀਆਂ ਮਨਾਉਣ ਦੁਬਈ ਗਈਆਂ ਪਟਿਆਲਾ ਦੇ ਕਸਬਾ ਬਹਾਦਰਗੜ੍ਹ ਦੀਆਂ ਤਿੰਨ ਔਰਤਾਂ (ਦੋ ਨਨਾਣਾਂ ਅਤੇ ਇੱਕ ਭਾਬੀ) ਇਨ੍ਹੀਂ ਦਿਨੀਂ ਜੰਗ ਵਰਗੇ ਹਾਲਾਤਾਂ ਕਾਰਨ ਪ੍ਰਦੇਸ ਵਿੱਚ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਦੁਬਈ ਵਿੱਚ ਅਟਕੇ ਸਰਬਜੀਤ ਕੌਰ, ਸੰਦੀਪ ਕੌਰ ਅਤੇ ਜਸਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨਾਲ ਜਲੰਧਰ ਦੀਆਂ ਔਰਤਾਂ ਵੀ ਸਨ ਅਤੇ ਉਨ੍ਹਾਂ ਦਾ ਸੱਤ ਔਰਤਾਂ ਦਾ ਗਰੁੱਪ 27 ਫਰਵਰੀ ਨੂੰ ਭਾਰਤ ਤੋਂ ਦੁਬਈ ਪਹੁੰਚਿਆ ਸੀ ਅਤੇ ਤਿੰਨ ਮਾਰਚ ਨੂੰ ਵਾਪਸ ਆਉਣਾ ਸੀ ਪਰ ਅਚਾਨਕ ਬਦਲੇ ਹਾਲਾਤ ਨੇ ਉਨ੍ਹਾਂ ਦੀ ਵਾਪਸੀ ਦੀ ਯੋਜਨਾ ਪੂਰੀ ਤਰ੍ਹਾਂ ਵਿਗਾੜ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 3 ਮਾਰਚ ਦੀ ਉਨ੍ਹਾਂ ਦੀ ਵਾਪਸੀ ਦੀ ਉਡਾਣ ਪਹਿਲਾਂ ਰੱਦ ਕਰਕੇ 5 ਮਾਰਚ ਲਈ ਰੀ-ਸ਼ੈਡਿਊਲ ਕੀਤੀ ਗਈ ਸੀ। ਇਸ ਤੋਂ ਬਾਅਦ ਹਾਲਾਤ ਹੋਰ ਵਿਗੜਨ 'ਤੇ ਫਲਾਈਟ ਸੱਤ ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਲਗਾਤਾਰ ਬਦਲਦੇ ਸ਼ਡਿਊਲ ਅਤੇ ਹਵਾਈ ਸੇਵਾਵਾਂ ਵਿੱਚ ਵਿਘਨ ਨੇ ਉਨ੍ਹਾਂ ਨੂੰ ਅਨਿਸ਼ਚਿਤਤਾ ਅਤੇ ਡਰ ਦੇ ਮਾਹੌਲ ਵਿੱਚ ਹਨ। ਉਨ੍ਹਾਂ ਨੂੰ ਏਅਰਪੋਰਟ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਅਤੇ ਸਿਰਫ ਸੁਰੱਖਿਅਤ ਥਾਂ 'ਤੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀਆਂ ਵਿਹਾਰਕ ਮੁਸ਼ਕਲਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ
ਪੈਸੇ ਲਗਪਗ ਖਤਮ, ਗੁਰਦੁਆਰਾ ਸਾਹਿਬ ਦਾ ਸਹਾਰਾ
ਲੰਬੇ ਪਰਵਾਸ ਅਤੇ ਅਨਿਸ਼ਚਿਤ ਵਾਪਸੀ ਕਾਰਨ ਉਨ੍ਹਾਂ ਕੋਲ ਮੌਜੂਦ ਨਕਦੀ ਲਗਪਗ ਖਤਮ ਹੋ ਚੁੱਕੀ ਹੈ। ਅਜਿਹੇ ਵਿੱਚ ਉਨ੍ਹਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਦੀ ਸ਼ਰਨ ਲੈਣ ਦਾ ਫੈਸਲਾ ਕੀਤਾ। ਜੰਗ ਵਰਗੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਉੱਥੇ ਠਹਿਰਨ ਦੀ ਇਜਾਜ਼ਤ ਤਾਂ ਨਹੀਂ ਮਿਲੀ ਪਰ ਲੰਗਰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਰੋਜ਼ਾਨਾ ਲਗਪਗ 15 ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਸੀਮਤ ਸਾਧਨਾਂ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਇਹ ਦੂਰੀ ਤੈਅ ਕਰਨਾ ਉਨ੍ਹਾਂ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਚੁਣੌਤੀਪੂਰਨ ਬਣ ਗਿਆ ਹੈ। ਤਿੰਨਾਂ ਔਰਤਾਂ ਵਿੱਚੋਂ ਇੱਕ ਨੂੰ ਨਿਯਮਤ ਦਵਾਈਆਂ ਦੀ ਲੋੜ ਹੈ, ਜੋ ਹੁਣ ਲਗਪਗ ਖਤਮ ਹੋ ਚੁੱਕੀਆਂ ਹਨ। ਦੁਬਈ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾਂ ਫਾਰਮੇਸੀ ਤੋਂ ਦਵਾਈ ਉਪਲਬਧ ਨਹੀਂ ਹੋ ਰਹੀ। ਅਜਿਹੇ ਵਿੱਚ ਸਿਹਤ ਸਬੰਧੀ ਚਿੰਤਾ ਵੀ ਵਧਦੀ ਜਾ ਰਹੀ ਹੈ। ਮੌਜੂਦਾ ਹਾਲਾਤ ਵਿੱਚ ਡਾਕਟਰ ਤੱਕ ਪਹੁੰਚ ਕਰਨਾ ਵੀ ਆਸਾਨ ਨਹੀਂ ਹੈ।
ਸਰਕਾਰਾਂ ਤੇ ਐਂਬੈਸੀ ਨਾਲ ਸੰਪਰਕ, ਮਦਦ ਦੀ ਉਡੀਕ
ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨਾਲ ਸੰਪਰਕ ਸਾਧਿਆ ਹੈ। ਇਸ ਦੇ ਨਾਲ ਹੀ ਦੁਬਈ ਸਥਿਤ ਭਾਰਤੀ ਦੂਤਾਵਾਸ ਤੋਂ ਵੀ ਸਹਾਇਤਾ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਦੀ ਹੈਲਪਲਾਈਨ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਸਿਰਫ਼ ਯੂਏਈ ਵਿੱਚ ਭਾਰਤੀ ਐਂਬੈਸੀ ਦਾ ਨੰਬਰ ਅਤੇ ਈਮੇਲ ਦਿੱਤੀ। ਜਿਸ ਤੋਂ ਬਾਅਦ ਸਮਾਜ ਸੇਵੀ ਅਮਨਦੀਪ ਸਿੰਘ ਨੇ ਯੂਏਈ ਵਿੱਚ ਭਾਰਤੀ ਐਂਬੈਸੀ ਨਾਲ ਸੰਪਰਕ ਕੀਤਾ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਫਿਲਹਾਲ ਉਨ੍ਹਾਂ ਨੂੰ ਸਿਰਫ ਸਾਵਧਾਨੀ ਵਰਤਣ ਅਤੇ ਏਅਰਪੋਰਟ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਪਰ ਠੋਸ ਰਾਹਤ ਜਾਂ ਵਾਪਸੀ ਦਾ ਕੋਈ ਸਪੱਸ਼ਟ ਪ੍ਰਬੰਧ ਨਹੀਂ ਕੀਤਾ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਪੈਸੇ ਖਤਮ ਹੋ ਰਹੇ ਹਨ ਅਤੇ ਦਵਾਈਆਂ ਨਹੀਂ ਮਿਲ ਰਹੀਆਂ। ਸਰਕਾਰ ਨੂੰ ਵਿਸ਼ੇਸ਼ ਉਡਾਣ ਜਾਂ ਸੁਰੱਖਿਅਤ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਸੁਰੱਖਿਅਤ ਵਾਪਸੀ ਦੀ ਮੰਗ
ਸਮਾਜ ਸੇਵੀ ਅਮਨਦੀਪ ਸਿੰਘ ਨੇ ਹੋਟਲ ਤੋਂ 17 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਵਿੱਚ ਖਾਣੇ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ 'ਖਾਲਸਾ ਏਡ' ਨਾਲ ਸੰਪਰਕ ਕਰਕੇ ਫਸੇ ਹੋਏ ਭਾਰਤੀਆਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਅਤੇ ਹੋਰ ਫਸੇ ਹੋਏ ਭਾਰਤੀਆਂ ਦੀ ਸੁਰੱਖਿਅਤ ਸਵਦੇਸ਼ ਵਾਪਸੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਵਧਦੀ ਅਨਿਸ਼ਚਿਤਤਾ ਅਤੇ ਸੀਮਤ ਸਾਧਨਾਂ ਕਾਰਨ ਵਿਦੇਸ਼ ਵਿੱਚ ਰਹਿਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ।
ਆਪਣੇ ਪੱਧਰ 'ਤੇ ਪ੍ਰਬੰਧ ਕਰਕੇ ਭਾਰਤ ਪਰਤੇ ਤਿੰਨ ਪਰਿਵਾਰ
ਦੂਜੇ ਪਾਸੇ, ਦੁਬਈ ਵਿੱਚ ਫਸੇ ਤਿੰਨ ਪਰਿਵਾਰ ਆਪਣੇ ਪੱਧਰ 'ਤੇ ਪ੍ਰਬੰਧ ਕਰਕੇ ਭਾਰਤ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਾਪਸ ਆਉਣ ਲਈ ਸਰਕਾਰ ਜਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਜਿਸ ਕਾਰਨ ਉਹ ਆਪਣੇ ਪੱਧਰ 'ਤੇ ਇੰਤਜ਼ਾਮ ਕਰਕੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 12.30 ਵਜੇ ਭਾਰਤ ਵਾਪਸ ਪਹੁੰਚ ਗਏ ਹਨ।