ਅੰਮ੍ਰਿਤਪਾਲ ਸਿੰਘ ਨੇ ਰਗਬੀ ਚੈਂਪੀਅਨਸ਼ਿਪ ’ਚ ਜਿੱਤਿਆ ਚਾਂਦੀ ਦਾ ਤਗ਼ਮਾ
ਅੰਮ੍ਰਿਤਪਾਲ ਸਿੰਘ ਨੇ ਰਗਬੀ ਚੈਂਪੀਅਨਸ਼ਿਪ ’ਚ ਜਿੱਤਿਆ ਚਾਂਦੀ ਦਾ ਤਗ਼ਮਾ
Publish Date: Tue, 19 May 2026 05:39 PM (IST)
Updated Date: Tue, 19 May 2026 05:42 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਤਾਸ਼ਕੰਦ ਵਿਚ ਕਰਵਾਏ ਸੈਂਟਰਲ ਸਾਊਥ ਏਸ਼ੀਆ ਰਗਬੀ ਸੈਵਨਜ਼ ਚੈਂਪੀਅਨਸ਼ਿਪ–2026 ਵਿਚ ਭਾਰਤੀ ਟੀਮ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ। ਇਸ ਉਪਲਬਧੀ ਨਾਲ ਉਨ੍ਹਾਂ ਨੇ ਯੂਨੀਵਰਸਿਟੀ, ਪੰਜਾਬ ਅਤੇ ਭਾਰਤ ਦਾ ਨਾਮ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਇਸ ਤੋਂ ਪਹਿਲਾਂ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਮੁਕਾਬਲਿਆਂ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਸੀਨੀਅਰ ਨੈਸ਼ਨਲ ਰਗਬੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਗੇਮਜ਼ ਵਿਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਵੱਡੀ ਉਪਲਬਧੀ ’ਤੇ ਯੂਨੀਵਰਸਿਟੀ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ। ਵਾਈਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ, ਰਜਿਸਟਰਾਰ ਪ੍ਰੋ. (ਡਾ. ) ਤੇਜ਼਼ਬੀਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਾ. ਅੰਕਦੀਪ ਕੌਰ ਅਟਵਾਲ, ਡਾ. ਹਰਨੀਤ ਬਿਲਿੰਗ, ਵਿਭਾਗ ਮੁਖੀ ਵਰਿੰਦਰ ਸਿੰਘ ਭੁੱਲਰ, ਪੀਆਰਓ ਜਸਪ੍ਰੀਤ ਕੌਰ, ਫਤਹਿਗੜ੍ਹ ਸਾਹਿਬ ਰਗਬੀ ਸੈਕਟਰੀ ਨੀਰਜ ਕੁਮਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕੋਚ ਸੰਦੀਪ ਕੁਮਾਰ ਨੂੰ ਵਧਾਈ ਦਿੱਤੀਆਂ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੀ ਖਿਡਾਰਨ ਅਮਨਦੀਪ ਕੌਰ ਵੀ ਏਸ਼ੀਅਨ ਰਗਬੀ ਸੈਵਨ ਸੀਰੀਜ਼ ਦੌਰਾਨ ਚੀਨ ਅਤੇ ਸ਼੍ਰੀਲੰਕਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਉਸ ਨੂੰ ਆਰ. ਪੀ. ਐਲ. ਵਿਚ ਚੇਨਈ ਬੁਲਜ਼ ਟੀਮ ਵੱਲੋਂ ਚੁਣਿਆ ਗਿਆ ਹੈ। ਉਸ ਤੋਂ ਵੀ ਅਗਲੀਆਂ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਵਾਈਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ: ਅੰਮ੍ਰਿਤਪਾਲ ਸਿੰਘ ਅਤੇ ਅਮਨਦੀਪ ਕੌਰ ਪਹਿਲੇ ਪੰਜਾਬੀ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰੀਆਂ ਹਨ। ਫ਼ੋਟੋ ਕੈਪਸ਼ਨ : ਅੰਮ੍ਰਿਤਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ, ਅਧਿਆਪਕ, ਵਿਦਿਆਰਥੀ ਤੇ ਹੋਰ।