ਕਾਵਿ ਲੋਕ ਪੁਰਸਕਾਰ ਉੱਘੇ ਕਵੀ ਅਮਰਜੀਤ ਕੌਂਕੇ ਨੂੰ ਦੇਣ ਦਾ ਐਲਾਨ
ਕਾਵਿਲੋਕ ਪੁਰਸਕਾਰ -2026 ਉੱਘੇ ਕਵੀ ਅਮਰਜੀਤ ਕੌਂਕੇ ਨੂੰ ਦੇਣ ਦਾ ਐਲਾਨ
Publish Date: Sat, 09 May 2026 05:32 PM (IST)
Updated Date: Sat, 09 May 2026 05:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਅਦਾਰਾ ਕਾਵਿਲੋਕ ਵੱਲੋਂ ਹਰ ਸਾਲ ਦਿੱਤਾ ਜਾਂਦਾ ਕਾਵਿਲੋਕ ਪੁਰਸਕਾਰ ਇਸ ਵਾਰ ਪੰਜਾਬੀ ਦੇ ਉੱਘੇ ਕਵੀ ਡਾ. ਅਮਰਜੀਤ ਕੌਂਕੇ ਨੂੰ ਉਹਨਾਂ ਦੀ ਕਾਵਿ-ਕਿਤਾਬ ਇਸ ਧਰਤੀ ਤੇ ਰਹਿੰਦਿਆਂ ਲਈ ਦਿੱਤਾ ਜਾਵੇਗਾ। ਇਹ ਐਲਾਨ ਕਰਦਿਆਂ ਕਾਵਿਲੋਕ ਦੀ ਪ੍ਰਬੰਧਕੀ ਸੰਪਾਦਕ ਪਰਮਜੀਤ ਕੌਰ ਨੇ ਦੱਸਿਆ ਕਿ ਸਾਲ 2025 ਵਿੱਚ ਛਪੀਆਂ ਕਾਵਿ-ਕਿਤਾਬਾਂ ਬਾਰੇ ਕਰਵਾਏ ਗਏ ਸਰਵੇਖਣ ਅਤੇ ਮਾਹਿਰਾਂ ਦੀ ਰਾਏ ਅਨੁਸਾਰ ਆਖ਼ਰੀ ਦੌਰ ਵਿੱਚ ਪਹੁੰਚੀਆਂ ਕਿਤਾਬਾਂ ’ਚੋਂ ਇਹ ਕਿਤਾਬ ਪੁਰਸਕਾਰ ਲਈ ਚੁਣੀ ਗਈ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਪੁਰਸਕਾਰ ਬਾਰੇ ਆਖ਼ਰੀ ਫ਼ੈਸਲਾ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਵਿਚ ਉੱਘੇ ਕਵੀ ਅਤੇ ਆਲੋਚਕ ਡਾਕਟਰ ਲਖਵਿੰਦਰ ਸਿੰਘ ਜੌਹਲ (ਕਨਵੀਨਰ), ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਅਮਰਜੀਤ ਸਿੰਘ ਅਤੇ ਉੱਘੀ ਲੇਖਿਕਾ ਹਰਪ੍ਰੀਤ ਕੌਰ ਸੰਧੂ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਵਿਚ 21000 ਰੁਪਏ ਨਕਦ, ਸਨਮਾਨ ਚਿੰਨ੍ਹ ਤੇ ਦੁਸ਼ਾਲਾ ਜਲਦੀ ਹੀ ਇਕ ਵਿਸ਼ਾਲ ਸਮਾਗਮ ਕਰਕੇ ਭੇਟ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਅਮਰਜੀਤ ਕੌਂਕੇ ਦੇ ਹੁਣ ਤੱਕ ਪੰਜਾਬੀ ਵਿਚ ਅੱਠ, ਹਿੰਦੀ ਵਿਚ ਪੰਜ ਕਾਵਿ-ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ 40 ਤੋਂ ਵੱਧ ਪੁਸਤਕਾਂ ਦਾ ਹਿੰਦੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕਰ ਚੁੱਕੇ ਹਨ।