ਨਗਰ ਕੌਂਸਲਾਂ ਤੇ ਨਗਰ ਪੰਚਾਇਤ ਵੋਟਾਂ ਦੀ ਗਿਣਤੀ ਦੇ ਸਮੁੱਚੇ ਪ੍ਰਬੰਧ ਮੁਕੰਮਲ
ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵੋਟਾਂ ਦੀ ਗਿਣਤੀ ਦੇ ਸਮੁੱਚੇ ਪ੍ਰਬੰਧ ਮੁਕੰਮਲ
Publish Date: Thu, 28 May 2026 05:38 PM (IST)
Updated Date: Fri, 29 May 2026 04:08 AM (IST)

ਗਿਣਤੀ ਲਈ ਕਾਊਂਟਿੰਗ ਸੈਂਟਰਾਂ ’ਤੇ ਸੁਰੱਖਿਆ ਦੇ ਕੀਤੇ ਪੁਖਤਾ ਇੰਤਜ਼ਾਮ, ਡੀਸੀ ਤੇ ਐਸਐਸਪੀ ਨੇ ਸਮੂਹ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਸ਼ਾਂਤੀ ਤੇ ਸਹਿਯੋਗ ਬਣਾਈ ਰੱਖਣ ਦੀ ਕੀਤੀ ਅਪੀਲ ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਗਰ ਕੌਂਸਲ ਸਰਹਿੰਦ ਫਤਹਿਗੜ ਸਾਹਿਬ, ਮੰਡੀ ਗੋਬਿੰਦਗੜ੍ਹ, ਬਸੀ ਪਠਾਣਾਂ ਅਤੇ ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ 29 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ ਚਾਰ ਕਾਊਂਟਿੰਗ ਸੈਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੀ ਗਿਣਤੀ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ, ਫਤਹਿਗੜ੍ਹ ਸਾਹਿਬ ਅਤੇ ਨਗਰ ਕੌਂਸਲ ਬਸੀ ਪਠਾਣਾਂ ਦੀ ਗਿਣਤੀ ਆਈਟੀਆਈ ਬਸੀ ਪਠਾਣਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਮਲੋਹ (ਕੰਨਿਆ) ਅਤੇ ਨਗਰ ਪੰਚਾਇਤ ਖਮਾਣੋਂ ਦੀ ਗਿਣਤੀ ਸਕੂਲ ਆਫ ਐਮੀਨੈਂਸ, ਖਮਾਣੋਂ ਕਲਾਂ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਉਮੀਦਵਾਰਾਂ, ਉਨ੍ਹਾਂ ਦੇ ਗਿਣਤੀ ਏਜੰਟਾਂ, ਰਿਟਰਨਿੰਗ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਟਰਾਂਗ ਰੂਮ ਖੋਲ੍ਹੇ ਜਾਣਗੇ ਅਤੇ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਕਾਊਂਟਿੰਗ ਸਟਾਫ਼ ਦੀ ਵਿਸ਼ੇਸ਼ ਰਿਹਰਸਲ ਕਰਵਾਈ ਜਾ ਚੁੱਕੀ ਹੈ ਤਾਂ ਜੋ ਗਿਣਤੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਾਊਂਟਿੰਗ ਸੈਂਟਰਾਂ ਦੇ ਆਲੇ-ਦੁਆਲੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾਂ ਅਧਿਕਾਰ ਪੱਤਰ ਕਿਸੇ ਵੀ ਵਿਅਕਤੀ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਸਮੂਹ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਚੋਣ ਨਤੀਜਿਆਂ ਦੌਰਾਨ ਸ਼ਾਂਤੀ, ਸਹਿਯੋਗ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਤਾਂ ਜੋ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਗਿਣਤੀ ਪ੍ਰਕਿਰਿਆ ਮੁਕੰਮਲ ਹੋ ਸਕੇ।