ਅਕਾਲੀ ਵਰਕਰਾਂ ਨੇ ਬੂਥਾਂ ’ਤੇ ਡਟ ਕੇ ਪਹਿਰਾ ਦਿੱਤਾ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਦੌਰਾਨ ਅਕਾਲੀ ਵਰਕਰਾਂ ਤੇ ਆਗੂਆਂ ਨੇ ਸ਼ਹਿਰ ਦੇ ਹਰ ਬੂਥ ’ਤੇ ਪਾਰਟੀ ਉਮੀਦਵਾਰਾਂ ਦਾ ਸਾਥ ਦਿੰਦਿਆਂ ਡੱਟ ਕੇ ਪਹਿਰਾ ਦਿੱਤਾ। ਰਾਜੂ ਖੰਨਾ ਮੁਤਾਬਿਕ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਦੋਂ ਵੀ ਕਿਸੇ ਬੂਥ ’ਤੇ ਸ਼ਰਾਰਤੀ ਅਨਸਰਾਂ ਦੀ ਹਰਕਤ ਦਾ ਪਤਾ ਲੱਗਦਾ ਤਾਂ ਉਹ ਤੁਰੰਤ ਉੱਥੇ ਡੱਟ ਕੇ ਖੜ੍ਹੇ ਦਿਖਾਈ ਦਿੱਤੇ। ਸਵੇਰੇ 9 ਵਜੇ ਵਾਰਡ ਨੰਬਰ 14 ਦੇ ਬੂਥ ਨੰਬਰ 26, 27 ਤੇ 27 ਏ ’ਤੇ ਵੋਟਰ ਸੂਚੀਆਂ ਵਿਚ ਵੋਟਾਂ ਨਾ ਮਿਲਣ ਕਾਰਨ ਰੌਲਾ ਪਿਆ ਤਾਂ ਰਾਜੂ ਖੰਨਾ ਨੇ ਤੁਰੰਤ ਪੁੱਜ ਕੇ ਐੱਸਡੀਐੱਮ ਅਮਲੋਹ ਨਾਲ ਗੱਲਬਾਤ ਕੀਤੀ, ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਸਾਰੇ ਉਮੀਦਵਾਰਾਂ ਨੂੰ ਸਹੀ ਵੋਟਰ ਸੂਚੀ ਮੁਹੱਈਆ ਕਰਵਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਇਹ ਚੋਣਾਂ ਲੜੀਆਂ ਨਹੀਂ ਸਗੋਂ ਸਰਕਾਰੀ ਤੰਤਰ ਨਾਲ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਗਏ ਅਤੇ ਫਿਰ ਵੋਟਰ ਸੂਚੀਆਂ ਵਿਚ ਫੇਰਬਦਲ ਕਰ ਕੇ ਵੱਡੇ ਪੱਧਰ ’ਤੇ ਵੋਟਾਂ ਹੋਰਨਾਂ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੋਟਿੰਗ ਸਮੇਂ ਕਈ ਬੂਥਾਂ ’ਤੇ ਸੂਚੀਆਂ ਵੋਟਰ ਪਰਚੀ ਨਾਲ ਮੇਲ ਨਹੀਂ ਖਾ ਰਹੀਆਂ ਸਨ, ਜਿਸ ਕਾਰਨ ਵਾਰਡ ਨੰਬਰ 14 ਵਿਚ ਇਹ ਮਾਮਲਾ ਸਾਹਮਣੇ ਆਇਆ।