ਬਿਜਲੀ ਕੱਟਾਂ ਵਿਰੁੱਧ ਅਕਾਲੀ ਦਲ ਵੱਲੋਂ ਸਰਹਿੰਦ ਵਿਖੇ ਧਰਨਾ ਅੱਜ
ਬਿਜਲੀ ਕੱਟਾਂ ਵਿਰੁੱਧ ਅਕਾਲੀ ਦਲ ਵੱਲੋਂ ਸਰਹਿੰਦ ਵਿਖੇ ਧਰਨਾ ਅੱਜ
Publish Date: Wed, 29 Apr 2026 04:58 PM (IST)
Updated Date: Thu, 30 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 30 ਅਪ੍ਰੈਲ ਨੂੰ ਬਿਜਲੀ ਕੱਟਾਂ ਵਿਰੁੱਧ ਸੂਬਾ ਪੱਧਰੀ ਰੋਸ ਮੁਜ਼ਾਹਰੇ ਕੀਤੇ ਜਾਣਗੇ। ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਹਲਕਾ ਫਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਜੀਟੀ ਰੋਡ ਸਰਹਿੰਦ ਅੱਗੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ। ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਭਿਆਨਕ ਬਿਜਲੀ ਕੱਟ ਸਰਕਾਰ ਦੀ ਮਾੜੀ ਯੋਜਨਾਬੰਦੀ ਅਤੇ ਪ੍ਰਸ਼ਾਸਕੀ ਅਯੋਗਤਾ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੰਕਟ ਹੱਲ ਕਰਨ ਦੀ ਬਜਾਏ ਅੰਦਰੂਨੀ ਅਸਥਿਰਤਾ ਨੂੰ ਸੰਭਾਲਣ ’ਚ ਰੁੱਝੀ ਹੋਈ ਹੈ, ਜਦਕਿ ਜਨਤਾ ਅੱਤ ਦੀ ਗਰਮੀ ’ਚ ਪ੍ਰੇਸ਼ਾਨ ਹੋ ਰਹੀ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਧਰਨੇ ’ਚ ਪਹੁੰਚਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿਖੇ ਇਹ ਧਰਨਾ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਲਗਾਇਆ ਜਾਵੇਗਾ। ਇਸੇ ਤਰ੍ਹਾਂ ਬੱਸੀ ਪਠਾਣਾ ਅਤੇ ਅਮਲੋਹ ਵਿਖੇ ਵੀ ਪਾਵਰਕਾਮ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹਰਭਜਨ ਕੌਰ, ਤਜਿੰਦਰ ਸਿੰਘ ਕੋਹਲੀ, ਸੁਖਵਿੰਦਰ ਸਿੰਘ ਸਰਹਿੰਦ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਖ਼ਾਲਸਾ, ਹਰਜਿੰਦਰ ਕੁਮਾਰ, ਪੰਕਜ ਕੁਮਾਰ, ਮਨਪ੍ਰੀਤ ਸਿੰਘ ਸ਼ਾਹਪੁਰ, ਮਨੀਸ਼ ਕੁਮਾਰ, ਹਰਵਿੰਦਰ ਕੌਰ, ਬਲਜਿੰਦਰ ਸਿੰਘ ਜਲਵੇੜੀ ਗਹਿਲਾ, ਗੁਰਤੇਜ ਸਿੰਘ ਗਿੱਲ, ਤਰੁਣ ਕੁਮਾਰੀ, ਰਕੇਸ਼ ਕੁਮਾਰ, ਕੁਲਬੀਰ ਸਿੰਘ ਅਤੇ ਮਨਜੀਤ ਸਿੰਘ ਮਾਨ ਮੌਜੂਦ ਸਨ।