ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਲਾਇਆ ਧਰਨਾ
ਬਿਜਲੀ ਕੱਟਾਂ ਖਿਲਾਫ ਅਕਾਲੀ ਦਲ ਨੇ ਲਾਇਆ ਧਰਨਾ
Publish Date: Thu, 30 Apr 2026 04:31 PM (IST)
Updated Date: Fri, 01 May 2026 04:05 AM (IST)

ਗੁਰਜੀਤ ਸਿੰਘ ਧੌਂਸੀ, ਪੰਜਾਬੀ ਜਾਗਰਣ, ਦਿੜ੍ਹਬਾ : ਅਕਾਲੀ ਦਲ ਬਾਦਲ ਵੱਲੋਂ ਬਿਜਲੀ ਸਪਲਾਈ ਦੀ ਘਾਟ ਦੇ ਕਾਰਨ ਲੱਗ ਰਹੇ ਵੱਡੇ ਕੱਟਾਂ ਕਾਰਨ ਪੀਐੱਸਪੀਸੀਐੱਲ ਦੇ ਦਫ਼ਤਰ ਅੱਗੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਆਪ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਤੇ ਮਾਲਵਾ ਜੋਨ ਅਬਜ਼ਰਵਰ ਚੇਅਰਮੈਨ ਹਰਪਾਲ ਸਿੰਘ ਖਡਿਆਲ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਸਬੰਧੀ ਆਪ ਸਰਕਾਰ ਦੁਆਰਾ ਜੋ ਜੁਮਲੇਬਾਜ਼ੀ ਕਰਕੇ ਲੋਕਾਂ ’ਚ ਵੱਡੇ ਪੱਧਰ ’ਤੇ ਪ੍ਰਚਾਰਿਆ ਜਾ ਰਿਹਾ ਹੈ, ਉਨ੍ਹਾਂ ਦਾਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਮਾੜੇ ਬਿਜਲੀ ਸਪਲਾਈ ਪ੍ਰਬੰਧਾਂ ਨਾਲ ਆਮ ਜਨਤਾ ਹਾਲੋਂ ਬੇਹਾਲ ਹੋ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕਸ਼ਦਿਆਂ ਕਿਹਾ ਕਿ ਮੁੱਖ ਮੰਤਰੀ ਕਿਸੇ ਸਮੇਂ ਲੋਕਾਂ ਨੂੰ ਬਿਜਲੀ ਸਪਲਾਈ ਦੌਰਾਨ ਬੱਲਬ ਚਮੱਕਾ ਤੱਕ ਨਾ ਮਾਰਨ ਦੀਆਂ ਗੱਲਾਂ ਕਰਦੇ ਸਨ ਪ੍ਰੰਤੂ ਗਰਮੀ ਦੇ ਮੌਸਮ ਦੇ ਸ਼ੁਰੂਆਤੀ ਦਿਨਾਂ ਦੌਰਾਨ ਹੀ ਬਿਜਲੀ ਦੇ ਲੰਮੇ ਕੱਟ ਲੱਗਣ ਕਾਰਨ ਪੰਜਾਬ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਸੰਕਟ ਕਾਰਨ ਪੰਜਾਬ ਵਿੱਚ ਖੇਤੀ ਸੰਕਟ ਵੀ ਪੈਦਾ ਹੋ ਸਕਦਾ ਹੈ ਕਿਉਂਕਿ ਝੋਨੇ ਦੀ ਲਵਾਈ ਵਕਤ ਬਿਜਲੀ ਦੀ ਖਪਤ ਹੋਰ ਜ਼ਿਆਦਾ ਵੱਧ ਜਾਵੇਗੀ ਜਦਕਿ ਪੂਰਤੀ ਹੋਣਾ ਕਿਸੇ ਵੀ ਤਰੀਕੇ ਸੰਭਵ ਦਿਖਾਈ ਨਹੀਂ ਦੇ ਰਿਹਾ। ਇਸ ਮੌਕੇ ਸ਼ਹਿਰੀ ਸਰਕਲ ਪ੍ਰਧਾਨ ਸਤਿਗੁਰ ਸਿੰਘ ਘੁਮਾਣ, ਮਾਸਟਰ ਬਲਵਿੰਦਰ ਸਿੰਘ ਕੌਹਰੀਆਂ, ਉਪਿੰਦਰ ਸਿੰਘ ਹਨੀ, ਬਿਕਰ ਸਿੰਘ ਪਾਟਿਆਂਵਾਲੀ, ਕੇਵਲ ਸਿੰਘ ਡਸਕਾ, ਗੁਰਦੀਪ ਸਿੰਘ ਗਾਗਾ, ਬਲਜਿੰਦਰ ਸਿੰਘ ਖਨਾਲ, ਝੰਡਾ ਸਿੰਘ , ਗੁਰਲਾਲ ਸਿੰਘ ਉੱਭਿਆ, ਹਰਜਿੰਦਰ ਸਿੰਘ ਢੰਡੋਲੀ, ਸੁਖਦੀਪ ਸਿੰਘ ਦਿੜ੍ਹਬਾ, ਗੁਰਜੀਤ ਸਿੰਘ ਦਿੜ੍ਹਬਾ ਹਾਜ਼ਰ ਸਨ।