ਅਕਾਲੀ ਦਲ ਨੇ ਥਰਡ ਜੈਂਡਰ ਪੂਜਾ ਮਹੰਤ ਨੂੰ ਵਾਰਡ 13 ਤੋਂ ਉਮੀਦਵਾਰ ਬਣਾਇਆ
ਅਕਾਲੀ ਦਲ ਨੇ ਥਰਡ ਜੈਂਡਰ ਪੂਜਾ ਮਹੰਤ ਨੂੰ ਵਾਰਡ 13 ਤੋਂ ਉਮੀਦਵਾਰ ਬਣਾਇਆ
Publish Date: Mon, 18 May 2026 05:27 PM (IST)
Updated Date: Mon, 18 May 2026 05:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਬਸੀ ਪਠਾਣਾਂ ’ਚ ਸਿਆਸੀ ਦੰਗਲ ਸ਼ਿਖਰਾਂ ’ਤੇ ਹੈ। ਨਗਰ ਕੌਂਸਲ ਦਾ ਵਾਰਡ 13 ਸ਼੍ਰੋਮਣੀ ਅਕਾਲੀ ਦਲ ਲਈ ਬੇਹੱਦ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਇਸ ਹਲਕੇ ਵਿਚ ਪਾਰਟੀ ਨੇ ਹਮੇਸ਼ਾ ਬਾਜ਼ੀ ਮਾਰੀ ਹੈ, ਭਾਵੇਂ ਉਹ ਲੋਕ ਸਭਾ, ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਨਗਰ ਕੌਂਸਲ ਦੀਆਂ ਚੋਣਾਂ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 13 ਵਿਚ ਥਰਡ ਜੈਂਡਰ ਪੂਜਾ ਮਹੰਤ ਨੂੰ ਉਮੀਦਵਾਰ ਬਣਾ ਕੇ ਨਵਾਂ ਸਿਆਸੀ ਦਾਅ ਖੇਡਿਆ ਹੈ। ਉਮੀਦਵਾਰ ਪੂਜਾ ਮਹੰਤ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਬੀਸੀ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਮਠਾੜੂ ਅਤੇ ਜਸਵੀਰ ਸਿੰਘ ਵਾਲੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਅਸਲ ਪਾਰਟੀ ਹੈ, ਜਿਸ ਨੇ ਹਮੇਸ਼ਾ ਲੋਕ ਹਿੱਤਾਂ ਲਈ ਪਹਿਰਾ ਦਿੱਤਾ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਆਉਣ ਵਾਲੀ 26 ਮਈ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ’ਤੇ ਮੋਹਰ ਲਗਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੀ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੀ ਸੱਤਾ ਦਾ ਮੁੱਢ ਬੰਨ੍ਹੇਗੀ। ਪੂਜਾ ਮਹੰਤ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਦੁਖੀ ਹੋ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਵਾਰਡ ਵਿਚ ਗੰਦੇ ਪਾਣੀ ਦੀ ਨਿਕਾਸੀ, ਖਸਤਾਹਾਲ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਦਰੁਸਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਪਿਆਰ ਤੋਂ ਸਪਸ਼ਟ ਹੈ ਕਿ ਇਸ ਵਾਰ ਵੀ ਇੱਥੇ ਅਕਾਲੀ ਦਲ ਦੀ ਚੜ੍ਹਤ ਰਹੇਗੀ ਅਤੇ ਉਹ ਕੌਂਸਲਰ ਬਣ ਕੇ ਨਗਰ ਕੌਂਸਲ ਹਾਊਸ ਵਿਚ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ।