ਕਰੀਬ 2 ਕਰੋੜ 10 ਲੱਖ ਦੀ ਲਾਗਤ ਨਾਲ ਤਿਆਰ ਏਅਰ ਪਿਸਟਲ/ਰਾਇਫਲ ਸ਼ੂਟਿੰਗ ਰੇਂਜ ਦਾ ਹੋਇਆ ਉਦਘਾਟਨ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਗੋਬਿੰਦਗੜ੍ਹ ਵੱਲੋਂ ਕਰੀਬ 2 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਏਅਰ ਪਿਸਟਲ / ਰਾਇਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਅੱਜ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਓਲੰਪੀਅਨ ਨੌਜਵਾਨ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਸ਼ੂਟਿੰਗ ਰੇਂਜ ਦੇ ਖੁੱਲ੍ਹਣ ਨਾਲ ਇਲਾਕੇ ਦੇ ਉਨ੍ਹਾਂ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ, ਜਿਨ੍ਹਾਂ ਕੋਲ ਪ੍ਰਤਿਭਾ ਤਾਂ ਹੈ ਪਰ ਅਭਿਆਸ ਲਈ ਆਧੁਨਿਕ ਸਾਧਨਾਂ ਦੀ ਘਾਟ ਸੀ। ਉਨ੍ਹਾਂ ਦੱਸਿਆ ਕਿ 2. 10 ਕਰੋੜ ਦੀ ਲਾਗਤ ਨਾਲ ਇਸ ਰੇਂਜ ’ਚ ਵਿਸ਼ਵ ਪੱਧਰੀ ਟਾਰਗੇਟ ਸਿਸਟਮ ਅਤੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਕਰੀਬ 10 ਮੈਨੁਅਲ ਟਾਰਗੇਟ ਤੇ 10 ਦੇ ਕਰੀਬ ਆਟੋਮੈਟਿਕ ਸਿਸਟਮ ਲਗਾਏ ਜਾਣਗੇ। ਇਸ ਮੌਕੇ ਨੌਜਵਾਨ ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਚੀਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਹੂਲਤਾਂ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਓਲੰਪਿਕ ਵਰਗੇ ਵੱਡੇ ਮੰਚਾਂ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ। ਚੀਮਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸ਼ੂਟਿੰਗ ਨਾਲ ਨੌਜਵਾਨ ਆਪਣੇ ਮਾਂ-ਬਾਪ ਅਤੇ ਸ਼ਹਿਰ ਦਾ ਨਾਂਅ ਰੁਸ਼ਨਾ ਸਕਦੇ ਹਨ। ਚੀਮਾ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਛੱਡ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਚੀਮਾ ਦੇ ਮਾਮਾ ਅਤੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਇਹ ਵੀ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਸ਼ਹਿਰ ਦੇ ਖਿਡਾਰੀਆਂ ਲਈ ਵੱਖ ਵੱਖ ਮੈਦਾਨਾਂ ਨੂੰ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ੂਟਿੰਗ ਰੇਂਜ ਨਾ ਸਿਰਫ਼ ਇਕ ਖੇਡ ਮੈਦਾਨ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਦਾ ਇਕ ਕੇਂਦਰ ਹੈ। ਪਹਿਲਾਂ ਇਸ ਖੇਡ ਦੇ ਖਿਡਾਰੀਆਂ ਨੂੰ ਜਲੰਧਰ ਜਾਂ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ’ਚ ਜਾਣਾ ਪੈਂਦਾ ਸੀ ਪਰ ਹੁਣ ਸਾਡੇ ਸ਼ਹਿਰ, ਹਲਕੇ ਦੇ ਨੌਜਵਾਨਾਂ ਨੂੰ ਆਪਣੀ ਖੇਡ ਲਈ ਹੋਰ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਉਨ੍ਹਾਂ ਨੂੰ ਆਪਣੇ ਸੁਪਨੇ ਸੱਚ ਕਰ ਆਪਣੇ ਪਰਿਵਾਰ ਤੇ ਸ਼ਹਿਰ ਦਾ ਮਾਣ ਵਧਾਉਣਗੇ। ਇਸ ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ ਉਲੰਪੀਅਨ ਅਰਜੁਨ ਚੀਮਾ ਦੇ ਮਾਤਾ-ਪਿਤਾ ਸੰਦੀਪ ਚੀਮਾ ਅਤੇ ਕਿਰਨ ਚੀਮਾ ਨੇ ਕਿਹਾ ਕਿ ਅਰਜੁਨ ਸਿੰਘ ਚੀਮਾ ਦੇ ਨਾਮ ’ਤੇ ਬਣ ਰਹੀ ਇਹ ਸ਼ੂਟਿੰਗ ਰੇਂਜ ਨੌਜਵਾਨਾਂ ਲਈ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦਾ ਕੇਂਦਰ ਸਾਬਤ ਹੋਵੇਗੀ ਅਤੇ ਭਵਿੱਖ ਵਿਚ ਇੱਥੋਂ ਹੋਰ ਵੀ ਓਲੰਪਿਕ ਖਿਡਾਰੀ ਤਿਆਰ ਹੋਣਗੇ ਜਿਹੜੇ ਵਿਸ਼ਵ ਪੱਧਰ ਤੇ ਪੰਜਾਬ ਅਤੇ ਸਾਡੇ ਜ਼ਿਲ੍ਹੇ ਤੇ ਸ਼ਹਿਰ ਦਾ ਨਾਂ ਰੌਸ਼ਨ ਕਰ ਸਕਣਗੇ। ਇਸ ਮੌਕੇ ਇਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚੇਤਨ ਸ਼ਰਮਾ, ਐਸਈ ਗੁਰਪ੍ਰਤਾਪ ਸਿੰਘ, ਜੇਈ ਗੌਰਵ ਧੀਰ, ਕੌਸਲਰ ਪੁਨੀਤ ਗੋਇਲ, ਰਾਧਿਕਾ ਵਰਮਾ, ਪੂਜਾ ਸ਼ਰਮਾ, ਵਨਿਤ ਬਿੱਟੂ, ਸੁਖਵਿੰਦਰ ਕੌਰ, ਸੋਮਨਾਥ ਅਜਨਾਲੀ, ਪਰਮਜੀਤ ਵਾਲੀਆਂ, ਰਣਧੀਰ ਸਿੰਘ ਹੈਪੀ ਤੋਂ ਇਲਾਵਾ ਅਰਜੁਨ ਚੀਮਾ ਦੇ ਮਾਤਾ ਕਿਰਨਦੀਪ ਚੀਮਾਂ, ਪਿਤਾ ਸੰਦੀਪ ਸਿੰਘ ਚੀਮਾਂ, ਚਾਚਾ ਜਗਵਿੰਦਰ ਸਿੰਘ ਚੀਮਾ, ਭੈਣ ਕੁਦਰਤ ਚੇਹਿਲ, ਸ਼ਮਸ਼ੇਰ ਚੇਹਿਲ, ਕੁਰਬਾਨ ਸਿੰਘ, ਕਰਨ ਅਟਵਾਲ, ਰਮਨ ਤਾਂਗੜੀ, ਜਗਮੋਹਨ ਬਿੱਟੂ, ਅਮਿਤ ਠਾਕੁਰ, ਰੋਹਿਤ ਗੋਇਲ, ਧਰਮਿੰਦਰ ਸਿੰਘ, ਬਲਦੇਵ ਸ਼ਰਮਾ, ਸੁਖਵਿੰਦਰ ਭਾਂਬਰੀ, ਹਰਪ੍ਰੀਤ ਵਿੱਕੀ ਚੇਹਿਲ, ਗਗਨਦੀਪ ਰਿੱਚੀ, ਬੀਰਦਵਿੰਦਰ ਸਿੰਘ, ਅਜੈ ਲਿਬੜਾ, ਸਤਿਆਪਾਲ ਲੋਧੀ, ਹੇਮੰਤ ਗੋਇਲ, ਮਨੀਸ਼, ਵਰੁਣ ਸ਼ਰਮਾ, ਦਲਜੀਤ ਵਿੱਰਕ, ਗੁਰਮੀਤ ਸਿੰਘ, ਗੀਤਾਂਜਲੀ ਗੀਫਟੀ, ਹਰਬੰਸ ਕੌਰ ਨੇਹਾ, ਬੇਬੀ ਧੀਮਾਨ, ਸਲੀਮ ਗਗੜੀ, ਵਿਨੋਦ ਗੁੱਜਰ, ਦੀਪਕ ਘਈ ਆਦਿ ਮੌਜੂਦ ਸਨ।