ਧਰਤੀ ਹੇਠਲਾ ਪਾਣੀ ਬਚਾਉਣ ਲਈ ਕੁਦਰਤੀ ਖੇਤੀ ਕਰਨ ਦੀ ਲੋੜ : ਫੂਲਕਾ
ਧਰਤੀ ਹੇਠਲਾ ਪਾਣੀ ਬਚਾਉਣ ਲਈ ਕੁਦਰਤੀ ਖੇਤੀ ਕਰਨ ਦੀ ਲੋੜ-ਐਡਵੋਕੇਟ ਫੁਲਕਾ
Publish Date: Tue, 10 Mar 2026 05:10 PM (IST)
Updated Date: Tue, 10 Mar 2026 05:12 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਿੰਡ ਚੱਕ ਅੰਮ੍ਰਿਤਸਰੀਆ ਵਿਖੇ ਜਾਗਰੂਕ ਕਿਸਾਨ ਦਲਜੀਤ ਸਿੰਘ ਚੱਕ ਦੀ ਅਗਵਾਈ ਵਿਚ ‘ਖੇਤੀ ਸਤਿਸੰਗ’ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਵਿਸ਼ੇਸ਼ ਤੌਰ ਤੇ ਮਹਾਰਾਣੀ ਪ੍ਰੀਤੀ ਸਿੰਘ(ਨਾਭਾ), ਪਦਮਸ੍ਰੀ ਐਡਵੋਕੇਟ ਐੱਚਐੱਸ ਫੂਲਕਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਫਗਵਾੜਾ, ਕ੍ਰਿਪਾਲ ਸਿੰਘ ਫਗਵਾੜਾ, ਜੋਤੀ ਸ਼ਰਮਾ, ਪ੍ਰੀਤਇੰਦਰਪਾਲ ਸਿੰਘ ਮਿੰਟੂ, ਭਾਈ ਹਰਜਿੰਦਰ ਸਿੰਘ ਮਾਝੀ, ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਦਲਜੀਤ ਸਿੰਘ ਦੇ ਖੇਤ ਵਿਚ ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਸਰ੍ਹੋਂ ਤੇ ਗੰਨੇ ਦੀ ਖੇਤੀ ਨੂੰ ਵੇਖਦਿਆਂ ਇਕੱਤਰ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਚ ਦਿਨੋ-ਦਿਨ ਪਾਣੀ ਦੇ ਡਿਗਦੇ ਪੱਧਰ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਕੋਲ ਸਿਰਫ 13 ਸਾਲਾਂ ਦਾ ਪਾਣੀ ਬਚਿਆ ਹੈ ਅਤੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਣ ਕਰਕੇ ਹਰ ਸਾਲ 2700 ਲੋਕ ਕੈਂਸਰ ਦੀ ਬਿਮਾਰੀ ਕਾਰਨ ਮੌਤ ਦੇ ਮੂੰਹ ਵਿਚ ਚੱਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਾ. ਸਾਹਿਬ ਸਿੰਘ ਸਮਾਣਾ ਨੇ ਬਿਨਾਂ ਖਾਦਾਂ ਤੇ ਘੱਟ ਪਾਣੀ ਨਾਲ ਕੁਦਰਤੀ ਖੇਤੀ ਕਰਕੇ ਜਿਥੇ ਪਾਣੀ ਨੂੰ ਬਚਾਇਆ ਉਥੇ ਹੀ ਆਪਣੇ ਖਰਚੇ ਵੀ ਘਟਾਏ, ਜਿਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ 2039 ਤੱਕ ਪੰਜਾਬ ਦਾ ਪਾਣੀ ਏਨੇ ਡੂੰਘੇ ਪੱਧਰ ਤੇ ਪਹੁੰਚ ਜਾਣਾ ਹੈ ਕਿ ਪਾਣੀ ਜ਼ਹਿਰੀਲਾ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨੇਕਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਨਾਭਾ ਨੇ ਕਿਹਾ ਕਿ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਵੀ ਪਾਣੀ ਦੇ ਡਿਗਦੇ ਪੱਧਰ ਬਾਰੇ ਜਾਣੂ ਕਰਵਾ ਕੇ ਪਾਣੀ ਦੀ ਬਚਤ ਕਰਨ ਬਾਰੇ ਦਸਣਾ ਜਰੂਰੀ ਹੈ। ਡਾ: ਅਵਤਾਰ ਸਿੰਘ ਫਗਵਾੜਾ ਨੇ ਕਿਹਾ ਕਿ ਸਿੱਖ ਪ੍ਰਚਾਰਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਡਾ. ਹਰਜੀਤ ਸਿੰਘ ਗਿੱਲ, ਜਸਬੀਰ ਸਿੰਘ ਖੇੜੀਰਾਜੂ,ਅਵਤਾਰ ਸਿੰਘ ਭੇਡਪੁਰੀ,ਪ੍ਰਸੋਤਮ ਸਿੰਘ ਮਾਨਸਾ, ਜੁਗਨੂੰ ਸਿੰਘ ਨਿਜਾਮਨੀਵਾਲਾ, ਸੈਕਟਰੀ ਸਤਨਾਮ ਸਿੰਘ ਗਿੱਲ, ਹਰਜੀਤ ਸਿੰਘ ਦੇਦਨਾ ਵੀ ਮੌਜੂਦ ਸਨ।