ਤੇਜ਼ ਰਫ਼ਤਾਰ ਟਰਾਲੇ ਨੇ ਉਜਾੜਿਆ ਪਰਿਵਾਰ ; ਇੱਕ ਔਰਤ ਦੀ ਮੌਤ, 2 ਜ਼ਖ਼ਮੀ
ਤੇਜ਼ ਰਫ਼ਤਾਰ ਟਰਾਲੇ ਨੇ ਉਜਾੜਿਆ ਪਰਿਵਾਰ: ਇੱਕ ਔਰਤ ਦੀ ਮੌਕੇ ’ਤੇ ਮੌਤ, ਦੋ ਜਖ਼ਮੀ
Publish Date: Thu, 07 May 2026 06:14 PM (IST)
Updated Date: Fri, 08 May 2026 04:12 AM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਘਨੌਰ-ਅੰਬਾਲਾ ਸੜਕ ’ਤੇ ਜਮੀਤਗੜ੍ਹ ਨੇੜੇ ਸਿਲਵਰ ਓਕ ਪੈਲੇਸ ਕੋਲ ਇੱਕ ਦਰਦਨਾਕ ਸੜਕ ਹਾਦਸੇ ’ਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਤੇ 7 ਸਾਲਾ ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਪ੍ਰਸ਼ਾਸਨਿਕ ਲਾਪਰਵਾਹੀ ਵੀ ਸਾਹਮਣੇ ਆਈ, ਕਿਉਂਕਿ ਕਰੀਬ ਢਾਈ ਘੰਟੇ ਤੱਕ ਨਾ ਤਾਂ ਐਂਬੂਲੈਂਸ ਪਹੁੰਚੀ ਤੇ ਨਾ ਹੀ ਪੁਲਿਸ ਮੌਕੇ ’ਤੇ ਆਈ। ਪਿੰਡ ਸਲੇਮਪੁਰ ਸੇਖਾਂ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਜੀਜਾ ਗੁਲਜ਼ਾਰ ਸਿੰਘ, ਭੈਣ ਰਾਣੀ ਕੌਰ (37) ਤੇ 7 ਸਾਲਾ ਭਾਣਜਾ ਮੋਟਰਸਾਈਕਲ ’ਤੇ ਸਾਰੰਗਪੁਰ ਤੋਂ ਪਿੰਡ ਸਲੇਮਪੁਰ ਸੇਖਾਂ ਆ ਰਹੇ ਸਨ। ਉਹ ਜਦ ਜਮੀਤਗੜ੍ਹ ਨੇੜੇ ਸਿਲਵਰ ਓਕ ਪੈਲੇਸ ਕੋਲ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ 10 ਚੱਕਾ ਟਰਾਲੇ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਰਾਣੀ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਲਜ਼ਾਰ ਸਿੰਘ ਤੇ ਉਸ ਦਾ 7 ਸਾਲਾਂ ਦਾ ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਕਰੀਬ 2:30 ਵਜੇ ਤੱਕ ਕੋਈ ਐਂਬੂਲੈਂਸ ਨਹੀਂ ਪਹੁੰਚੀ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਵੀ ਲੰਮੇ ਸਮੇਂ ਤੱਕ ਮੌਕੇ ’ਤੇ ਨਹੀਂ ਆਈ। ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੀ ਲਾਸ਼ ਕਰੀਬ ਢਾਈ ਵਜੇ ਤੱਕ ਸੜਕ ’ਤੇ ਹੀ ਪਈ ਰਹੀ ਤੇ ਆਖ਼ਰਕਾਰ ਉਹ ਖੁਦ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਿਆ, ਜਿੱਥੇ ਗੁਲਜ਼ਾਰ ਸਿੰਘ ਤੇ ਉਸ ਦਾ ਪੁੱਤਰ ਇਲਾਜ ਅਧੀਨ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ’ਚ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਜੇ ਸਮੇਂ ਸਿਰ ਐਮਰਜੈਂਸੀ ਸੇਵਾਵਾਂ ਪਹੁੰਚ ਜਾਂਦੀਆਂ ਤਾਂ ਜ਼ਖ਼ਮੀਆਂ ਨੂੰ ਤੁਰੰਤ ਮਦਦ ਮਿਲ ਸਕਦੀ ਸੀ। ਨਾਲ ਹੀ ਉਨ੍ਹਾਂ ਨੇ ਤੇਜ਼ ਰਫ਼ਤਾਰ ਤੇ ਬੇਪਰਵਾਹ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਐੱਚਓ ਘਨੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਪਟਿਆਲਾ ਡਿਊਟੀ ਲੱਗੀ ਹੈ ਤੇ ਤੁਸੀਂ ਥਾਣਾ ਮੁਨਸ਼ੀ ਨਾਲ ਸੰਪਰਕ ਕਰੋ, ਜਦੋਂ ਥਾਣਾ ਮੁਨਸ਼ੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਹਾਦਸੇ ਸਬੰਧੀ ਕੋਈ ਇਤਲਾਹ ਥਾਣੇ ’ਚ ਨਹੀਂ ਆਈ।