ਸੁਨਾਮ ਹਸਪਤਾਲ ’ਚ ਸਰਕਾਰੀ ਐਂਬੂਲੈਂਸ ਦੀ ਅਣਹੋਂਦ
ਸੁਨਾਮ ਹਸਪਤਾਲ ’ਚ ਸਰਕਾਰੀ ਐਂਬੂਲੈਂਸ ਦੀ ਅਣਹੋਂਦ
Publish Date: Fri, 08 May 2026 05:44 PM (IST)
Updated Date: Sat, 09 May 2026 04:09 AM (IST)

ਦਾਮਨ ਬਾਜਵਾ ਨੇ ਘੇਰੀ ਆਪ ਸਰਕਾਰ ਕਿਹਾ-ਸਿਹਤ ਕ੍ਰਾਂਤੀ ਦਾ ਨਿਕਲ ਰਿਹਾ ਜਨਾਜ਼ਾ ਨਿੱਜੀ ਸੰਸਥਾ ਨੇ ਐਂਬੂਲੈਂਸ ਦੇਣ ਦੀ ਕੀਤੀ ਪੇਸ਼ਕਸ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੂਬੇ ਦੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਜੱਦੀ ਹਲਕੇ ਸੁਨਾਮ ਦੇ ਸਰਕਾਰੀ ਹਸਪਤਾਲ ’ਚ ਐਂਬੂਲੈਂਸ ਦੀ ਅਣਹੋਂਦ ਨੂੰ ਲੈ ਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਸਿਹਤ ਕ੍ਰਾਂਤੀ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿੱਕਲ ਗਈ ਹੈ। ਸ਼ੁੱਕਰਵਾਰ ਨੂੰ ਸੁਨਾਮ ਦੇ ਸਿਵਲ ਹਸਪਤਾਲ ਪੁੱਜੇ ਦਾਮਨ ਬਾਜਵਾ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਪਿਛਲੇ ਲਗਭਗ ਇੱਕ ਸਾਲ ਤੋਂ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ’ਤੇ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਐਂਬੂਲੈਂਸਾਂ ਲੈ ਕੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦਾਮਨ ਬਾਜਵਾ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਤੇ ਮਸ਼ਹੂਰੀਆਂ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰੀ ਐਂਬੂਲੈਂਸ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਆਪਣੇ ਹਲਕੇ ਦੇ ਸਿਵਲ ਹਸਪਤਾਲ ਲਈ ਐਂਬੂਲੈਂਸ ਮੁੱਹਈਆ ਨਹੀਂ ਕਰਵਾ ਸਕੇ। ਉਨ੍ਹਾਂ ਆਖਿਆ ਕਿ ਦੁਖਦਾਈ ਤੇ ਚਿੰਤਾਜਨਕ ਗੱਲ ਇਹ ਹੈ ਕਿ ਐਮਰਜੈਂਸੀ ਹਾਲਾਤਾਂ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਸਿਹਤ ਵਿਭਾਗ ਦੇ ਇਕ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਨਿੱਜੀ ਸੰਸਥਾ ਸਰਕਾਰੀ ਹਸਪਤਾਲ ਨੂੰ ਐਂਬੂਲੈਂਸ ਮੁੱਹਈਆ ਕਰਵਾਉਣਾ ਚਾਹੁੰਦੀ ਹੈ ਜਿਸ ਬਾਬਤ ਹਸਪਤਾਲ ਪ੍ਰਬੰਧ ਨੇ ਉੱਚ ਅਧਿਕਾਰੀਆਂ ਨੂੰ ਬਕਾਇਦਾ ਪੱਤਰ ਲਿਖਕੇ ਪ੍ਰਵਾਨਗੀ ਮੰਗੀ ਹੈ। ਅਜਿਹੇ ਵਰਤਾਰੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ’ਚ ਵੀ ਅਸਫਲ ਰਹੀ ਹੈ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਅਸ਼ੋਕ ਗੋਇਲ, ਸੰਜੇ ਗੋਇਲ, ਸ਼ੰਕਰ ਬਾਂਸਲ, ਅਸ਼ਵਨੀ ਸਿੰਗਲਾ, ਰਿੰਕੂ ਆਲਮਪੁਰੀਆ, ਰਜਿੰਦਰ ਬਿੱਟੂ, ਧੀਰਜ ਗੋਇਲ ਆਦਿ ਹਾਜ਼ਰ ਸਨ।