ਦੋ ਧਿਰਾਂ ’ਚ ਵੰਡਦੀ ਜਾ ਰਹੀ ਸੰਗਰੂਰ ’ਚ ਆਪ
ਦੋ ਧਿਰਾਂ ’ਚ ਵੰਡਦੀ ਜਾ ਰਹੀ ਸੰਗਰੂਰ ’ਚ ਆਪ
Publish Date: Thu, 30 Apr 2026 05:43 PM (IST)
Updated Date: Fri, 01 May 2026 04:11 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਦੀ ਸਿਆਸਤ ਵਿਚ ਇਨੀ ਦਿਨੀਂ ਭੁਚਾਲ ਜਿਹਾ ਆਇਆ ਨਜ਼ਰ ਆ ਰਿਹਾ ਹੈ ਤੇ ਆਮ ਆਦਮੀ ਪਾਰਟੀ ਸੰਗਰੂਰ ਵਿੱਚ ਦੋ ਧਿਰਾਂ ਵਿਚ ਵੰਡੀ ਗਈ ਹੈ। ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਪ ਦੀਆਂ ਦੋ ਧਿਰਾਂ ਹੀ ਆਹਮੋ-ਹਮਣੇ ਹੋ ਗਈਆਂ ਤੇ ਜੋ ਖੂਨੀ ਖੇਡ ਵੇਖਣ ਨੂੰ ਮਿਲਿਆ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ। ਸਭ ਤੋਂ ਦਿਲਚਸਪ ਗੱਲ ਇਹ ਰਹੀ ਮੌਜੂਦਾ ਵਿਧਾਇਕ ਦੀ ਪ੍ਰਧਾਨਗੀ ਨੂੰ ਲੈ ਕੇ ਦੂਜੀ ਧਿਰ ਨੇ ਇਕ ਨਾ ਚੱਲਣ ਦਿੱਤੀ। ਇੱਥੋ ਤੱਕ ਕਿ ਵਿਧਾਇਕ ਦੇ ਦਰਜਨਾਂ ਸਮਰਥਕਾਂ ’ਤੇ ਹੀ ਪੁਲਿਸ ਨੇ ਸੰਗੀਨ ਧਰਾਵਾਂ ਦੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹੀ ਡੱਕ ਦਿੱਤਾ ਅਤੇ ਦੂਜੀ ਧਿਰ ਆਪਣਾ ਪ੍ਰਧਾਨ ਲਾਉਣ ਵਿਚ ਕਾਮਯਾਬ ਹੋ ਗਈ। ਹਾਲਾਂਕਿ, ਵਿਧਾਇਕ ਨੇ ਐੱਸਐੱਸਪੀ ਦਫ਼ਤਰ ਤਕ ਪਹੁੰਚ ਕਰ ਕੇ ਇਨਸਾਫ ਦੀ ਮੰਗ ਕੀਤੀ, ਪਰ ਉੱਥੋ ਵੀ ਵਿਧਾਇਕ ਨੂੰ ਨਿਰਾਸ਼ਾ ਹੀ ਮਿਲੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੇ ਵਰਕਰਾਂ ਨਾਲ ਖੜ੍ਹੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਭਵਿੱਖ ਵਿੱਚ ਉਹ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਵਿਧਾਇਕ ਨੇ ਕਿਹਾ ਕਿ ਪੁਲਿਸ ਨੇ 2 ਵਾਰ ਉਨ੍ਹਾਂ ਦੇ ਵਰਕਰਾਂ ’ਤੇ ਲਾਠੀਚਾਰਜ ਕੀਤਾ। ਭਵਾਨੀਗੜ੍ਹ ਟਰੱਕ ਯੂਨੀਅਨ ਵਿਚ ਪ੍ਰਧਾਨਗੀ ਨੂੰ ਜੋ ਕੁਝ ਵੀ ਘਟਨਾਕ੍ਰਮ ਵਾਪਰਿਆਂ ਉਸਨੂੰ ਉਹ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆ ਦਿੱਤਾ ਹੈ। ਜਿਨ੍ਹਾਂ ਵਰਕਰਾਂ ਦੀ ਮਿਹਨਤ ਨਾਲ ਉਹ ਵਿਧਾਇਕ ਬਣੇ ਹਨ, ਉਹ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ ਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਜੇਕਰ ਹਾਈਕਮਾਂਡ ਨੇ ਵੀ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਆਪਣੇ ਵਰਕਰਾਂ ਨਾਲ ਮੀਟਿੰਗ ਕਰਕੇ ਕੋਈ ਸਖਤ ਕਦਮ ਚੁੱਕਣਗੇ। ਕੁਝ ਵਰਕਰਾਂ ਨੇ ਆਪਣੀ ਭੜਾਸ ਕਢਦਿਆਂ ਕਿਹਾ ਕਿ ਜੇਕਰ ਮੌਜੂਦਾ ਵਿਧਾਇਕ ਦੀ ਹੀ ਸੁਣਵਾਈ ਨਹੀ ਤਾਂ ਬਾਕੀ ਦਾ ਕੀ ਬਣੇਗੇ।