‘ਆਪ’ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਾਰੂ : ਟੌਹੜਾ
‘ਆਪ’ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਾਰੂ, 2027 ’ਚ ਖ਼ਮਿਆਜ਼ਾ ਭੁਗਤਣਾ ਪਵੇਗਾ : ਹਰੀ ਸਿੰਘ ਟੌਹੜਾ ਫ਼ੋਟੋ
Publish Date: Fri, 08 May 2026 06:16 PM (IST)
Updated Date: Fri, 08 May 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪੰਜਾਬ ਸਟੇਟ ਕਰਮਚਾਰੀ ਦਲ ਦੇ ਪ੍ਰਧਾਨ ਅਤੇ ਲੇਬਰ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਮੁਲਾਜ਼ਮ ਮਾਰੂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵੀ ਸਰਕਾਰ ਨੇ ਮੁਲਾਜ਼ਮਾਂ ਵਿਰੁੱਧ ਮਾਰੂ ਨੀਤੀਆਂ ਅਪਣਾਈਆਂ, ਉਸ ਨੂੰ ਸੱਤਾ ਤੋਂ ਹੱਥ ਧੋਣੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਉਹ ਮੁਲਾਜ਼ਮਾਂ ਦੇ ਹੱਕ ਦਾ ਪੈਸਾ ਰੋਕ ਕੇ ਅਤੇ ਲੋਕ-ਲੁਭਾਊ ਸਕੀਮਾਂ ਚਲਾ ਕੇ ਮੁੜ ਸੱਤਾ ਹਾਸਲ ਕਰ ਲਵੇਗੀ, ਤਾਂ ਇਹ ਭੁਲੇਖਾ 2027 ਦੀਆਂ ਚੋਣਾਂ ’ਚ ਦੂਰ ਹੋ ਜਾਵੇਗਾ। ਹਰੀ ਸਿੰਘ ਟੌਹੜਾ ਨੇ ਕਿਹਾ ਕਿ ਬੈਂਕਾਂ ਵੱਲੋਂ ਸੇਵਾਮੁਕਤ ਕਰਮਚਾਰੀਆਂ ਦੀ ਪੈਨਸ਼ਨ ਜਾਰੀ ਨਾ ਕਰਨ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਸਰਕਾਰ ਵੱਲੋਂ ਬੈਂਕਾਂ ਦਾ 400 ਕਰੋੜ ਰੁਪਏ ਦਾ ਬਕਾਇਆ ਰੋਕਿਆ ਗਿਆ ਹੈ, ਜਿਸ ਕਾਰਨ ਪੈਨਸ਼ਨਰਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਡੀਏ ਜਾਰੀ ਨਾ ਕਰਨਾ ਸਰਕਾਰ ਦਾ ਇਕ ਹੋਰ ਮੁਲਾਜ਼ਮ ਵਿਰੋਧੀ ਫੈਸਲਾ ਹੈ। ਇਸ ਤੋਂ ਇਲਾਵਾ ਪੁਨਰਗਠਨ ਦੇ ਬਹਾਨੇ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਨਵੀਂ ਭਰਤੀ ਦਾ ਰਸਤਾ ਬੰਦ ਹੋ ਰਿਹਾ ਹੈ ਅਤੇ ਨੌਜਵਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ’ਚ ਪੈਨਸ਼ਨਰਾਂ ਸਮੇਤ ਕੁੱਲ 7 ਲੱਖ ਕਰਮਚਾਰੀ ਹਨ ਅਤੇ ਜੇਕਰ ਪਰਿਵਾਰਕ ਮੈਂਬਰਾਂ ਨੂੰ ਮਿਲਾ ਲਿਆ ਜਾਵੇ ਤਾਂ ਇਹ ਅੰਕੜਾ ਬਹੁਤ ਵੱਡਾ ਬਣਦਾ ਹੈ। ਜੇਕਰ ਸਰਕਾਰ ਨੇ ਇਹ ਨੀਤੀਆਂ ਬੰਦ ਨਾ ਕੀਤੀਆਂ ਤਾਂ ਇਹੀ ਮੁਲਾਜ਼ਮ ਵਰਗ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਿੱਲੀ ਦੇ ਲੋਕਾਂ ਨੂੰ ਅਹਿਮ ਅਹੁਦਿਆਂ ’ਤੇ ਨਿਵਾਜ਼ ਕੇ ਲੱਖਾਂ ਰੁਪਏ ਦੇ ਰਹੀ ਹੈ ਅਤੇ ਇਸ਼ਤਿਹਾਰਬਾਜ਼ੀ ’ਤੇ ਹਜ਼ਾਰਾਂ ਕਰੋੜ ਖ਼ਰਚ ਕੀਤੇ ਜਾ ਰਹੇ ਹਨ, ਜਦਕਿ ਮੁਲਾਜ਼ਮਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਇਸ ਮੌਕੇ ਸੁਖਪਾਲ ਸਿੰਘ ਚਨਾਰਥਲ, ਬਲਜਿੰਦਰ ਸਿੰਘ ਜੇਈ, ਸੁਰਿੰਦਰ ਕੁਮਾਰ ਪ੍ਰਧਾਨ ਅਤੇ ਈਸ਼ ਕੁਮਾਰ ਵੀ ਮੌਜੂਦ ਸਨ।