ਨਗਰ ਕੌਂਸਲ ਚੋਣਾਂ ’ਚ ‘ਆਪ’ ਪ੍ਰਸ਼ਾਸਨ ਰਾਹੀਂ ਕਰ ਸਕਦੀ ਹੈ ਧਾਂਦਲੀ : ਨਾਗਰਾ
ਨਗਰ ਕੌਂਸਲ ਚੋਣਾਂ ’ਚ ‘ਆਪ’ ਪ੍ਰਸ਼ਾਸਨ ਰਾਹੀਂ ਕਰ ਸਕਦੀ ਹੈ ਧਾਂਧਲੀ : ਨਾਗਰਾ
Publish Date: Thu, 07 May 2026 06:46 PM (IST)
Updated Date: Fri, 08 May 2026 04:15 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ’ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਥੀ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਸਮੇਤ ਐਸਡੀਐਮ ਦਫਤਰ ਫਤਹਿਗੜ੍ਹ ਸਾਹਿਬ ਪਹੁੰਚ ਕੇ ਪ੍ਰਸ਼ਾਸਨ ’ਤੇ ਧਾਂਧਲੀ ਦੇ ਗੰਭੀਰ ਦੋਸ਼ ਲਗਾਏ। ਨਾਗਰਾ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਚੋਣਾਂ ’ਚ ਗੜਬੜ ਕਰਨ ਲਈ ਪ੍ਰਸ਼ਾਸਨ ਨੂੰ ਹੱਥ ਠੋਕਾ ਬਣਾ ਕੇ ਵਰਤ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ 5 ਮਈ ਤੱਕ ਸਾਰੀਆਂ ਪਾਰਟੀਆਂ ਨੂੰ ਵੋਟਰ ਸੂਚੀਆਂ ਜਾਰੀ ਹੋਣੀਆਂ ਸਨ ਪਰ ਸੱਤਾਧਾਰੀ ਪਾਰਟੀ ਤੋਂ ਇਲਾਵਾ ਹੋਰ ਕਿਸੇ ਨੂੰ ਇਹ ਸੂਚੀਆਂ ਨਹੀਂ ਦਿੱਤੀਆਂ ਗਈਆਂ। ਨਾਗਰਾ ਨੇ ਦੱਸਿਆ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਲਿਖਤੀ ਅਰਜ਼ੀ ਦੇਣ ਦੇ ਬਾਵਜੂਦ ਪ੍ਰਸ਼ਾਸਨ ਨੇ 23 ਨੰਬਰ ਬੂਥ ’ਚ ਗਲਤੀ ਦਾ ਹਵਾਲਾ ਦੇ ਕੇ ਸੂਚੀਆਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਕ ਬੂਥ ’ਚ ਗਲਤੀ ਹੈ ਤਾਂ ਬਾਕੀ ਸੂਚੀਆਂ ਕਿਉਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਜਾਰੀ ਕਰਨ ਦੀ ਮਿਤੀ 15 ਮਈ ਤੱਕ ਟਾਲ ਕੇ ਸੱਤਾਧਾਰੀ ਪਾਰਟੀ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਅਧਿਕਾਰੀ ਨੇ ਪੱਖਪਾਤ ਕੀਤਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਬੰਗਾਲ ’ਚ ਭਾਜਪਾ ’ਤੇ ਵੋਟਾਂ ਲੁੱਟਣ ਦੇ ਦੋਸ਼ ਲੱਗੇ ਸਨ, ਉਵੇਂ ਹੀ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਚੋਣ ਪ੍ਰਕਿਰਿਆ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਸਟੇਟ ਇਲੈਕਸ਼ਨ ਕਮਿਸ਼ਨ, ਪੰਜਾਬ ਦੇ ਗਵਰਨਰ ਅਤੇ ਹਾਈ ਕੋਰਟ ਨੂੰ ਚੋਣਾਂ ਨਿਰਪੱਖ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਅਸ਼ੋਕ ਸੂਦ, ਗੁਰਪ੍ਰੀਤ ਸਿੰਘ ਲਾਲੀ, ਪਵਨ ਕਾਲੜਾ, ਜਗਜੀਤ ਸਿੰਘ ਕੋਕੀ, ਅਮਰਦੀਪ ਬੈਣੀਪਾਲ, ਨਰਿੰਦਰ ਕੁਮਾਰ ਪ੍ਰਿੰਸ, ਗੁਲਸ਼ਨ ਰਾਏ ਬੋਵੀ, ਆਨੰਦ ਮੋਹਨ, ਗੁਰਮੁਖ ਸਿੰਘ ਪੰਡਰਾਲੀ ਅਤੇ ਨਰਿੰਦਰ ਕੁਮਾਰ ਬਿੰਦਰ ਮੌਜੂਦ ਸਨ।