ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੀ ਸੇਵਾਮੁਕਤੀ ਮੌਕੇ ਕਾਲਜ ਵਿਖੇ ਇਕ ਯਾਦਗਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰਾਂ ਨੇ ਡਾ. ਕਸ਼ਮੀਰ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ ਉਨ੍ਹਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਡਾ. ਕਸ਼ਮੀਰ ਸਿੰਘ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਨੇ ਕਾਲਜ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ ਹੈ। ਸਕੱਤਰ ਵਿੱਦਿਆ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਲਜ ਦੀ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਇੰਜੀ. ਸੁਖਮਿੰਦਰ ਸਿੰਘ ਨੇ ਡਾ. ਕਸ਼ਮੀਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਿੰਸੀਪਲ ਵਜੋਂ ਕਾਰਜਕਾਲ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੀਆਂ ਸੁਨਹਿਰੀ ਯਾਦਾਂ ਸਾਂਝੀਆਂ ਕਰਦਿਆਂ ਪ੍ਰਿੰਸੀਪਲ ਸਾਹਿਬ ਨੂੰ ਦਿਲੋਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ। ਵਰਣਨਯੋਗ ਹੈ ਕਿ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੇ ਕਾਰਜਕਾਲ ਦੌਰਾਨ ਕਾਲਜ ਨੂੰ ਨੈਕ ਵੱਲੋਂ ਲਗਾਤਾਰ ਤੀਸਰੀ ਵਾਰ ‘ਏ’ ਗਰੇਡ ਪ੍ਰਾਪਤ ਹੋਇਆ, ਅਟੌਨੋਮਸ ਦਰਜੇ ਵਿਚ ਵਾਧਾ ਹੋਇਆ, ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਵੱਲੋਂ ਮਾਨਤਾ ਮਿਲੀ, ਭਾਰਤ ਸਰਕਾਰ ਦੇ ਡੀ. ਬੀ. ਟੀ. ਮੰਤਰਾਲੇ ਦੀ ਸਕੀਮ ਤਹਿਤ ‘ਸਟਾਰ ਕਾਲਜ’ ਦਾ ਮਾਣਮੱਤਾ ਦਰਜਾ ਮਿਲਿਆ, ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਿਆਂ ਵਿਚ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ, ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਚਮਕਾਇਆ ਆਦਿ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਡਾ. ਕਸ਼ਮੀਰ ਸਿੰਘ ਦੀ ਦੂਰਦਰਸ਼ੀ ਅਗਵਾਈ ਨੇ ਕਾਲਜ ਨੂੰ ਹਰ ਖੇਤਰ ਵਿਚ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ ਅਤੇ ਉਨ੍ਹਾਂ ਦੇ ਉੱਚ ਆਦਰਸ਼, ਸਮਰਪਣ ਅਤੇ ਸੇਵਾ ਭਾਵਨਾ ਦੀ ਮਿਸਾਲ ਹਮੇਸ਼ਾ ਕਾਲਜ ਪਰਿਵਾਰ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਸਾਹਿਬ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਨਾਨ-ਟੀਚਿੰਗ ਸਟਾਫ ਵੱਲੋਂ ਜਸਵਿੰਦਰ ਕੌਰ ਨੇ ਵੀ ਪ੍ਰਿੰਸੀਪਲ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕੀਤੀ। ਸਮਾਗਮ ਦੌਰਾਨ ਡਾ. ਕਸ਼ਮੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਕਸ਼ਮੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਭ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ ਕਿ ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ ’ਤੇ ਸਥਿਤ ਮਾਤਾ ਗੁਜਰੀ ਕਾਲਜ ਵਿਖੇ ਲੰਮੇ ਸਮੇਂ ਤੱਕ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਡਾ. ਜਗਪਾਲ ਸਿੰਘ ਨੇ ਸਮਾਗਮ ਦੇ ਪ੍ਰਬੰਧ ਅਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਸਮਾਗਮ ਉਪਰੰਤ ਕਾਲਜ ਮੈਨੇਜਮੈਂਟ ਵੱਲੋਂ ਡਾ. ਬਿਕਰਮਜੀਤ ਸਿੰਘ ਨੂੰ ਪ੍ਰਿੰਸੀਪਲ ਦਾ ਚਾਰਜ ਸੌਂਪਿਆ ਗਿਆ। ਇਸ ਮੌਕੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਡਾ. ਕਸ਼ਮੀਰ ਸਿੰਘ ਦੇ ਧਰਮ ਪਤਨੀ ਤਰਵਿੰਦਰਜੀਤ ਕੌਰ ਅਜਨਾਲਾ, ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ, ਡਾ. ਸਵਰਨਜੀਤ ਕੌਰ ਉੱਭਾ, ਡਾ. ਪਰਮਿੰਦਰ ਕੌਰ ਰੰਧਾਵਾ, ਡਾ. ਹਰਮਿੰਦਰ ਸਿੰਘ, ਪ੍ਰੋ. ਨਵਜੀਤ ਕੌਰ, ਪ੍ਰਿੰਸੀਪਲ ਡਾ. ਰਮਨਜੀਤ ਕੌਰ, ਸਮੂਹ ਸਟਾਫ਼ ਮੈਂਬਰ ਅਤੇ ਪਤਵੰਤੇ ਮੌਜੂਦ ਸਨ।