ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 8 ਬੱਸਾਂ ਦੀ ਚੈਕਿੰਗ
ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 8 ਬੱਸਾਂ ਦੀ ਚੈਕਿੰਗ, 5 ਦੇ ਕੀਤੇ ਚਲਾਨ
Publish Date: Thu, 14 May 2026 07:04 PM (IST)
Updated Date: Fri, 15 May 2026 04:13 AM (IST)

5 ਦੇ ਕੀਤੇ ਚਲਾਨ ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰੀ ਸਕੂਲ ਵਾਹਨ ਕਮੇਟੀ ਨੇ ਸਰਹਿੰਦ ਦੇ ਮਾਧੋਪੁਰ ਚੌਕ ਵਿਖੇ ਅਚਨਚੇਤ 8 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਲਾਪਰਵਾਹੀ ਕਾਰਨ ਹਾਦਸਿਆਂ ’ਚ ਵਾਧਾ ਹੁੰਦਾ ਹੈ, ਜਿਸ ਕਾਰਨ ਪਾਲਿਸੀ ਤਹਿਤ ਸਮੇਂ-ਸਮੇਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਹਰਭਜਨ ਸਿੰਘ ਮਹਿਮੀ ਨੇ ਬਾਲ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਪੀਲ ਕੀਤੀ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਛੋਟੀ ਉਮਰ ’ਚ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। ਉਨ੍ਹਾਂ ਮਾਪਿਆਂ ਨੂੰ ਇਹ ਵੀ ਕਿਹਾ ਕਿ ਉਹ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਜਿਨ੍ਹਾਂ ਬੱਸਾਂ ’ਚ ਉਨ੍ਹਾਂ ਦੇ ਬੱਚੇ ਸਫ਼ਰ ਕਰਦੇ ਹਨ, ਉਹ ਸੇਫ਼ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ। ਚੈਕਿੰਗ ਦੌਰਾਨ ਖਾਮੀਆਂ ਪਾਏ ਜਾਣ ’ਤੇ 5 ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਟ੍ਰੈਫਿਕ ਮੁਲਾਜ਼ਮਾਂ ਨੇ ਦੱਸਿਆ ਕਿ ਸਕੂਲੀ ਬੱਸਾਂ ’ਚ ਸੀਸੀਟੀਵੀ ਕੈਮਰੇ, ਫਸਟ ਏਡ ਬਾਕਸ ਅਤੇ ਸਪੀਡ ਗਵਰਨਰ ਲੱਗੇ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬੱਸਾਂ ’ਚ ਵਿਦਿਆਰਥਣਾਂ ਸਫ਼ਰ ਕਰਦੀਆਂ ਹਨ, ਉਨ੍ਹਾਂ ’ਚ ਮਹਿਲਾ ਅਟੈਂਡੈਂਟ ਦਾ ਹੋਣਾ ਅਤਿ ਜ਼ਰੂਰੀ ਹੈ। ਇਸ ਚੈਕਿੰਗ ਦੌਰਾਨ ਏਆਰਟੀਓ ਮਨਿੰਦਰ ਸਿੰਘ, ਪਵਿੱਤਰ ਸਿੰਘ, ਸੋਸ਼ਲ ਵਰਕਰ ਮਨਜੋਧ ਸਿੰਘ, ਚਾਈਲਡ ਲਾਈਨ ਤੋਂ ਨਵਜੋਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।