ਨਸ਼ੀਲੇ ਪਦਾਰਥਾਂ ਸਣੇ 6 ਵਿਅਕਤੀ ਕਾਬੂ
ਨਸ਼ੀਲੇ ਪਦਾਰਥਾਂ ਸਣੇ 6 ਵਿਅਕਤੀ ਕਾਬੂ
Publish Date: Tue, 05 May 2026 03:56 PM (IST)
Updated Date: Wed, 06 May 2026 04:02 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਜਦੋਂ ਸ਼ੇਰਪੁਰ ਸੂਆ ਤੋਂ ਰਾਮਨਗਰ ਛੰਨਾ ਰੋਡ ’ਤੇ ਸਨ ਤਾਂ ਸਾਹਮਣੇ ਰਾਮਨਗਰ ਛੰਨਾ ਤੋ ਇੱਕ ਔਰਤ ਆਪਣੇ ਸਿਰ ’ਤੇ ਗੱਟਾ ਰੱਖ ਕੇ ਆਉਂਦੀ ਵਿਖਾਈ ਦਿੱਤੀ। ਜਿਸਨੂੰ ਸ਼ੱਕ ਪੈਣ ’ਤੇ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਹਰਬੰਸ ਕੌਰ ਨਿਵਾਸੀ ਸ਼ੇਰਪੁਰ ਦੱਸਿਆ। ਜਦੋਂ ਉਸਦਾ ਥੈਲਾ ਚੈੱਕ ਕੀਤਾ ਤਾਂ ਉਸ ਵਿੱਚੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਦੇ ਏਐੱਸਆਈ ਜਗਤਾਰ ਸਿੰਘ ਆਪਣੇ ਸਾਥੀਆਂ ਸਮੇਤ ਪੂਨੀਆ ਟਾਵਰ ਕੋਲ ਮੌਜੂਦ ਸੀ ਤਾਂ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਸਰਕਲ ਸੰਗਰੂਰ ਨੇ ਦੱਸਿਆ ਕਿ ਉਨ੍ਹਾਂ ਨੂੰ 2 ਵਿਅਕਤੀ ਮੋਤੀ ਲਾਲ ਨਿਵਾਸੀ ਸੁਨਾਮੀ ਗੇਟ ਅਤੇ ਹਰਬੰਸ ਸਿੰਘ ਗਰਚਾ ਨਿਵਾਸੀ ਗੁਰੂ ਨਾਨਕ ਕਲੋਨੀ ਸੰਗਰੂਰ ਨੂੰ ਕਾਬੂ ਕੀਤਾ, ਜਿਨਾਂ ਕੋਲ ਅਣ ਅਧਿਕਾਰਤ ਸ਼ਰਾਬ ਅੰਗਰੇਜੀ ਉਨ੍ਹਾਂ ਦੀ ਗੱਡੀ ਵਿੱਚੋ 24 ਬੋਤਲਾਂ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ। ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਆਪਣੀ ਪੁਲਿਸ ਟੀਮ ਨਾਲ ਬਰਨਾਲਾ ਰੋਡ ਸੰਗਰੂਰ ਤੋ ਸੂਏ ਦੀ ਪਟੜੀ ਉਭਾਵਾਲ ਜਾਂਦੇ ਸਮੇ ਇੱਕ ਵਿਅਕਤੀ ਖੜਾ ਵਿਖਾਈ ਦਿੱਤਾ, ਜੋ ਪੁਲਿਸ ਟੀਮ ਨੂੰ ਵੇਖ ਕੇ ਘਬਰਾ ਗਿਆ ਅਤੇ ਹੱਥ ਵਿੱਚ ਫੜੀ ਲਿਫਾਫੀ ਸੜਕ ਤੇ ਸੁੱਟ ਦਿੱਤੀ। ਪੁਲਿਸ ਨੇ ਉਸਨੂੰ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੋਨੂੰ ਨਿਵਾਸੀ ਸੰਗਰੂਰ ਦੱਸਿਆ। ਜਦੋ ਟੀਮ ਨੇ ਉਸ ਵੱਲੋ ਸੁੱਟੀ ਲਿਫਾਫੀ ਚੈਕ ਕੀਤੀ ਤਾਂ ਉਸ ਵਿੱਚੋ 10 ਗ੍ਰਾਮ ਚਿੱਟਾ ਬਰਾਮਦ ਹੋਇਆ। ਪੁਲਿਸ ਨੇ ਸੋਨੂੰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਦਿੜਬਾ ਦੇ ਏਐਸਆਈ ਨਰਿੰਦਰ ਸਿੰਘ ਆਪਣੀ ਟੀਮ ਸਮੇਤ ਅਨਾਜ ਮੰਡੀ ਵਿੱਚ ਮੌਜੂਦ ਸਨ। ਸੂਚਨਾ ਮਿਲੀ ਕਿ ਪਰਮਜੀਤ ਕੌਰ ਨਿਵਾਸੀ ਦਿੜਬਾ ਜੋ ਕਿ ਚਿੱਟਾ ਵੇਚਣ ਦੀ ਆਦੀ ਹੈ । ਉਹ ਆਪਣੇ ਘਰ ਦੇ ਬਾਹਰ ਬੈਠਕੇ ਗਾਹਕਾਂ ਦੀ ਉਡੀਕ ਕਰ ਰਹੀ ਹੈ ਅਤੇ ਉਸਦਾ ਪੁੱਤਰ ਅਸ਼ੋਕ ਕੁਮਾਰ ਉਰਫ ਛੋਕੀ ਉਸਨੂੰ ਚਿੱਟਾ ਲਿਆ ਕੇ ਦਿੰਦਾ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਚਿੱਟੇ ਸਮੇਤ ਕਾਬੂ ਕੀਤੀ ਜਾ ਸਕਦੀ ਹੈ। ਸੂਚਨਾ ਦੇ ਅਧਾਰ ਤੇ ਪੁਲਿਸ ਨੇ ਕਾਰਵਾਈ ਕਰਿਦਆਂ ਛਾਪੇਮਾਰੀ ਕਰਕੇ ਪਰਮਜੀਤ ਕੌਰ ਨੂੰ 8 ਗ੍ਰਾਮ ਚਿੱਟੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਦਕਿ ਅਸ਼ੋਕ ਕੁਮਾਰ ਛੋਕੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸੁੱਖਾ ਸਿੰਘ ਆਪਣੀ ਟੀਮ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਡਸਕਾ ਮੌਜੂਦ ਸਨ। ਸੂਚਨਾ ਮਿਲੀ ਕਿ ਅਮ੍ਰਿਤਪਾਲ ਸਿੰਘ ਵਾਸੀ ਡਸਕਾ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਉਸ ਪਾਸੋ 80 ਲੀਟਰ ਲਾਹਣ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ।