ਟਰਾਂਸਫਾਰਮਰ ਚੋਰ ਗਿਰੋਹ ਦੇ 5 ਮੈਂਬਰ ਕਾਬੂ
ਟਰਾਂਸਫਾਰਮਰ ਚੋਰ ਗਿਰੋਹ ਦੇ 5 ਮੈਂਬਰ ਕਾਬੂ
Publish Date: Sun, 17 May 2026 05:52 PM (IST)
Updated Date: Mon, 18 May 2026 04:07 AM (IST)

ਚੋਰਾਂ ਨੇ ਸਿਰਫ ਅਪ੍ਰੈਲ ’ਚ ਹੀ 80 ਤੋਂ ਵੱਧ ਟਰਾਂਸਫਾਰਮਰਾਂ ਦੀ ਕੀਤੀ ਸੀ ਭੰਨਤੋੜ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਬ-ਡਿਵੀਜ਼ਨ ਭਵਾਨੀਗੜ੍ਹ ਦੇ ਇਲਾਕੇ ਤੇ ਆਸ-ਪਾਸ ਦੇ ਪਿੰਡਾਂ ’ਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਟਰਾਂਸਫਾਰਮਰ ਚੋਰ ਗਿਰੋਹ ਨੇ ਕਿਸਾਨਾਂ ਬਿਜਲੀ ਵਿਭਾਗ ਦੀ ਨੱਕ ’ਚ ਦਮ ਕੀਤਾ ਹੋਇਆ ਸੀ। ਚੋਰਾਂ ਵੱਲੋਂ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫਾਰਮਰਾਂ ਦੀ ਲਗਾਤਾਰ ਭੰਨਤੋੜ ਕਰ ਕੇ ਉਨ੍ਹਾਂ ਵਿਚੋਂ ਕੀਮਤੀ ਸਾਮਾਨ ਚੋਰੀ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੂੰ ਭਵਾਨੀਗੜ੍ਹ ਪੁਲਿਸ ਨੇ ਗੰਭੀਰਤਾ ਨਾਲ ਲਿਆ ਤੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਹੀ ਚੋਰਾਂ ਨੇ 80 ਤੋਂ ਵੱਧ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਉਨ੍ਹਾਂ ’ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਕਾਰਨ ਕਿਸਾਨਾਂ ਤੇ ਬਿਜਲੀ ਵਿਭਾਗ ’ਚ ਹਾਹਾਕਾਰ ਮੱਚ ਗਈ ਸੀ। ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਟਰਾਂਸਫਾਰਮਰਾਂ ’ਚੋਂ ਵੱਡੇ ਪੱਧਰ ’ਤੇ ਚੋਰੀ ਕੀਤਾ ਤਾਂਬਾ, ਤੇਲ ਬਰਾਮਦ ਕੀਤਾ ਹੈ ਅਤੇ ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਲਈ ਵਰਤੇ ਜਾਂਦੇ ਔਜਾਰ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਰਾਤ ਦੇ ਸਮੇਂ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਵਿਚੋਂ ਕੀਮਤੀ ਸਾਮਾਨ ਕੱਢ ਕੇ ਲੈ ਜਾਂਦੇ ਸਨ। ਪੁਲਿਸ ਨੇ ਗਿਰੋਹ ਦੇ ਰਾਜਵੀਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀ ਪਿੰਡ ਮਸਾਣੀ, ਵਿਪਨ ਉਰਫ ਬਾਲੀ ਵਾਸੀ ਮੁਜ਼ੱਫਰਨਗਰ ਹਾਲ ਆਬਾਦ ਪਿੰਡ ਨਦਾਮਪੁਰ ਅਤੇ ਕੇਵਲ ਸਿੰਘ ਵਾਸੀ ਗਾਂਧੀ ਨਗਰ ਭਵਾਨੀਗੜ੍ਹ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਵੱਲੋਂ ਲਗਾਤਾਰ ਹੋ ਰਹੀਆਂ ਚੋਰੀਆਂ ਸਬੰਧੀ ਪੁਲਿਸ ਕੋਲ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਰੀ ਦੀਆਂ ਵਾਰਦਾਤਾਂ ’ਤੇ ਨਕੇਲ ਪਾਉਣ ਲਈ ਲਗਾਤਾਰ ਕਾਰਵਾਈ ਜਾਰੀ ਹੈ।