41ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਪਿੰਡ ਮਾਲਾਹੇੜੀ ਦੇ ਵੈਸ਼ਨੋ ਦੇਵੀ ਮੰਦਰ ਵਿਖੇ 41ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Publish Date: Fri, 27 Mar 2026 05:11 PM (IST)
Updated Date: Fri, 27 Mar 2026 05:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਪਿੰਡ ਮਾਲਾਹੇੜੀ ਸਥਿਤ ਪ੍ਰਾਚੀਨ ਵੈਸ਼ਨੋ ਦੇਵੀ ਮੰਦਰ ਵਿਖੇ ਇਲਾਕਾ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਵਿਸ਼ਾਲ ਭਗਵਤੀ ਜਾਗਰਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪਵਿੱਤਰ ਮੌਕੇ ’ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੌਂਸਲਰ ਗੁਲਸ਼ਨ ਰਾਏ ਬੋਬੀ ਅਤੇ ਕੌਂਸਲਰ ਪ੍ਰਵੀਨ ਕੁਮਾਰੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮੱਲਾਹੇੜੀ ਦੇ ਇਸ ਵੈਸ਼ਨੋ ਦੇਵੀ ਮੰਦਰ ਵਿੱਚ ਪਿਛਲੇ 41 ਸਾਲਾਂ ਤੋਂ ਲਗਾਤਾਰ ਜਾਗਰਨ ਕਰਵਾਇਆ ਜਾ ਰਿਹਾ ਹੈ, ਜੋ ਕਿ ਆਪਣੇ ਆਪ ਵਿਚ ਇੱਕ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਾਤਾ ਦੇ ਇਸ ਦਰਬਾਰ ’ਚ ਜੋ ਵੀ ਸ਼ਰਧਾਲੂ ਸੱਚੇ ਮਨ ਨਾਲ ਕੋਈ ਮੁਰਾਦ ਮੰਗਦਾ ਹੈ, ਮਾਤਾ ਉਸ ਦੀ ਝੋਲੀ ਜ਼ਰੂਰ ਭਰਦੀ ਹੈ। ਨਾਗਰਾ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਜਿੱਥੇ ਸਾਨੂੰ ਪ੍ਰਭੂ ਭਗਤੀ ਨਾਲ ਜੋੜਦੇ ਹਨ, ਉੱਥੇ ਹੀ ਸਮਾਜ ਵਿੱਚ ਆਪਸੀ ਪਿਆਰ ਅਤੇ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਦੌੜ ਵਾਲੇ ਯੁੱਗ ਵਿੱਚ ਅਜਿਹੇ ਸਮਾਗਮ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਤੇ ਧਰਮ ਨਾਲ ਜੋੜ ਕੇ ਰੱਖਦੇ ਹਨ। ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕਾਂ ਨੇ ਮਾਤਾ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਰੀ ਰਾਤ ਮਾਤਾ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜਦਾ ਰਿਹਾ। ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਚੇਤ ਮਹੀਨੇ ਦੇ ਨਰਾਤਿਆਂ ’ਚ ਮਾਲਾਹੇੜੀ ਮੰਦਿਰ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਦਾ ਜਗਰਾਤਾ ਕਰਵਾਇਆ ਗਿਆ, ਜਿਸ ਵਿਚ ਮਾਤਾ ਜੀ ਦੀ ਜੋਤ ਪਟਿਆਲੇ ਤੋਂ ਸ਼ਕੁੰਤਲਾ ਜੀ ਅਤੇ ਸਰਹਿੰਦ ਤੋਂ ਕੌਂਸਲਰ ਗੁਲਸ਼ਨ ਰਾਏ ਬੋਬੀ ਵੱਲੋਂ ਪ੍ਰਚੰਡ ਕਰਕੇ ਜਗਰਾਤੇ ਦੀ ਸ਼ੁਰੂਆਤ ਕੀਤੀ ਅਤੇ ਪੰਡਿਤ ਲਕਸ਼ਮੀਕਾਂਤ ਨੇ ਮਹਾਮਾਈ ਦਾ ਪੂਜਨ ਕਰਵਾਇਆ ਅਤੇ ਮਹੰਤ ਜਗਮੋਹਨ ਬਿੱਟੂ ਅਤੇ ਉਸਦੀ ਟੀਮ ਮੋਹਨ ਲਾਲ ਨੇ ਮਹਾਮਾਈ ਦਾ ਗੁਣਗਾਨ ਕੀਤਾ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਭਜਨ ਗਾਇਕ ਪਾਰਟੀਆਂ ਵੱਲੋਂ ਮਹਾਂਮਾਈ ਦੇ ਦਰਬਾਰ ਦੇ ਉੱਤੇ ਹਾਜ਼ਰੀਆਂ ਲਵਾਈਆਂ ਅਤੇ ਮਹਾਮਾਈ ਦੀਆਂ ਭੇਟਾਂ ਗਾਈਆਂ ਇਸ ਵਿਸ਼ੇਸ਼ ਮੌਕੇ ਤੇ ਸਰਹਿੰਦ ਤੋਂ ਕੌਂਸਲਰ ਪ੍ਰਵੀਨ ਕੁਮਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮੰਦਿਰ ਮਨੇਜਮੈਂਟ ਪ੍ਰਧਾਨ ਜਗਜੀਤ ਸਿੰਘ, ਮੈਂਬਰ ਦਿਲਬਾਗ ਸਿੰਘ, ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਕੁਲਵਿੰਦਰ ਸਿੰਘ ਕਾਂਤੀ, ਐੱਡਵੋਕੈਟ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।