ਸੰਗਰੂਰ ਦੀਆਂ ਚਾਰ ਨਗਰ ਕੌਂਸਲਾਂ ਲਈ 419 ਨਾਮਜ਼ਦਗੀ ਪੱਤਰ ਦਾਖਲ
ਸੰਗਰੂਰ ਦੀਆਂ ਚਾਰ ਨਗਰ ਕੌਂਸਲਾਂ ਲਈ 419 ਨਾਮਜ਼ਦਗੀ ਪੱਤਰ ਦਖਲ
Publish Date: Sun, 17 May 2026 04:06 PM (IST)
Updated Date: Mon, 18 May 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਸੰਗਰੂਰ ਦੀਆਂ ਚਾਰ ਨਗਰ ਕੌਂਸਲਾਂ ਦੇ ਹੋਣ ਵਾਲੇ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ਨਿੱਚਰਵਾਰ ਸ਼ਾਮ ਨੂੰ ਸਮਾਪਤ ਹੋ ਗਈ। ਨਾਮਜ਼ਦਗੀਆਂ ਦੇ ਆਖਰੀ ਦਿਨ ਉਮੀਦਵਾਰਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਆਖਰੀ ਦਿਨ ਨਗਰ ਕੌਂਸਲ ਸੁਨਾਮ ’ਚ 75, ਧੂਰੀ ’ਚ 48, ਭਵਾਨੀਗੜ੍ਹ ’ਚ 77 ਤੇ ਲੋਂਗੋਵਾਲ ’ਚ 39 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤਰ੍ਹਾਂ ਸ਼ਨਿੱਚਰਵਾਰ ਨੂੰ ਕੁੱਲ 239 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ। ਇਨ੍ਹਾਂ ਚਾਰ ਨਗਰ ਕੌਂਸਲਾਂ ਦੇ ਕੁੱਲ 74 ਵਾਰਡਾਂ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੁੱਲ 419 ਨਾਮਜ਼ਦਗੀ ਪੱਤਰ ਦਾਖਲ ਹੋ ਚੁੱਕੇ ਹਨ। ਸਭ ਤੋਂ ਵੱਧ ਨਾਮਜ਼ਦਗੀਆਂ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਦੇ ਸ਼ਹਿਰ ਸੁਨਾਮ ਨਗਰ ਕੌਂਸਲ ’ਚ 146 ਦਾਖਲ ਹੋਈਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਹਲਕੇ ਧੂਰੀ ਦੀ ਨਗਰ ਕੌਂਸਲ ’ਚ 117, ਨਗਰ ਕੌਂਸਲ ਭਵਾਨੀਗੜ੍ਹ ਵਿੱਚ 94 ਅਤੇ ਨਗਰ ਕੌਂਸਲ ਲੋਂਗੋਵਾਲ ਵਿੱਚ 62 ਨਾਮਜ਼ਦਗੀਆਂ ਭਰੀਆਂ ਗਈਆਂ ਹਨ। 18 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ 19 ਮਈ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਨਗਰ ਕੌਂਸਲ ਚੋਣਾਂ ਲਈ ਵੋਟਿੰਗ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਜਦਕਿ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।