ਗੜੇਮਾਰੀ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ : ਹਰਬੰਸ ਲਾਲ
ਜਿਲ੍ਹਾ ਫਤਹਿਗੜ੍ਹ ਸਾਹਿਬ ਦਾ 35ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ : ਹਰਬੰਸ ਲਾਲ
Publish Date: Wed, 08 Apr 2026 05:50 PM (IST)
Updated Date: Wed, 08 Apr 2026 05:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਮਿੱਟੀ ’ਚ ਮਿਲਾ ਦਿੱਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਕਿ ਫੌਰੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਅਤੇ ਹਰ ਕਿਸਾਨ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਡਾ. ਹਰਬੰਸ ਲਾਲ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ 35ਵਾਂ ਸਥਾਪਨਾ ਦਿਵਸ 14 ਅਪ੍ਰੈਲ ਵਿਸਾਖੀ ਵਾਲੇ ਪਵਿੱਤਰ ਧਾਰਮਿਕ ਦਿਹਾੜੇ ’ਤੇ ਮਨਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਬਣਾਉਣ ਵਿਚ ਸਹਿਯੋਗ ਕਰਨ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਭਗਤ ਰਵਿਦਾਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 1992 ਵਿਚ ਵਿਧਾਨ ਸਭਾ ਵਿਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਫਤਹਿਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉਠਾਈ ਸੀ। ਉਸ ਵੇਲੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਨੇ ਇਸ ਮੰਗ ਨੂੰ ਮੰਨਦਿਆਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਬਾਅਦ ਵਿਚ ਵਿਕਾਸ ਕਾਰਜਾਂ ਲਈ ਪੂਰਾ ਸਾਥ ਦਿੱਤਾ। ਇਸ ਮੌਕੇ ਸਮਾਜਕ ਕੁਰੀਤੀਆਂ ਖ਼ਿਲਾਫ਼ ਤੇ ਵਾਤਾਵਰਨ ਸੰਭਾਲ ਲਈ ਗੀਤ ਗਾਉਣ ਵਾਲੇ ਗਾਇਕ ਰਾਮ ਸਿੰਘ ਅਲਬੇਲਾ ਨੂੰ ਵੀ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਵਿਸਾਖੀ ਵਾਲਾ ਇਹ ਪ੍ਰੋਗਰਾਮ 11 ਵਜੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛੇਵੀਂ ਪਾਤਸ਼ਾਹੀ ਦੇ ਬਾਹਰ ਪਾਰਕ ਵਿਚ ਹੋਵੇਗਾ। ਇਸ ਵਿਚ ਕਲਾਕਾਰ ਮਹਿੰਦਰ ਮਿੰਦੀ ਅਤੇ ਬੀਬਾ ਪਰਮਜੀਤ ਕੌਰ ਵੀ ਧਾਰਮਿਕ ਤੇ ਸਮਾਜਿਕ ਗੀਤ ਗਾ ਕੇ ਲੋਕਾਂ ਵਿਚ ਚੇਤਨਤਾ ਲਿਆਉਣਗੇ। ਇਸ ਮੌਕੇ ਤਿਰਲੋਕ ਸਿੰਘ ਬਾਜਵਾ, ਡਾ. ਅਸ਼ੋਕ ਕੁਮਾਰ ਬੰਗਾਲੀ, ਸਨਦੀਪ ਸਿੰਘ ਲਵਲੀ, ਮਨਵਿੰਦਰ ਸਿੰਘ ਭਟਮਾਜਰਾ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਬਾਬਾ ਦਲੇਰ ਸਿੰਘ ਖਾਲਸਾ, ਜਗਦੇਵ ਸਿੰਘ ਮਲਕੋ ਮਾਜਰਾ, ਗੁਰਦੀਪ ਸਿੰਘ ਭਾਗਨਪੁਰ, ਸ਼ਸ਼ੀ ਉੱਪਲ, ਸਤਿੰਦਰ ਨਾਥ ਸ਼ਰਮਾ, ਸੁਖਦੇਵ ਸਿੰਘ ਬੁਚੜੇ, ਬੀਰ ਬਚਿੱਤਰ ਸਿੰਘ ਅਨਾਇਤ ਪੁਰਾ, ਸਰਦਾਰਾ ਸਿੰਘ ਰਾਮਦਾਸ ਨਗਰ, ਹਰਭਜਨ ਕੌਰ, ਸੁਰਿੰਦਰ ਕੌਰ, ਜਰਨੈਲ ਕੌਰ, ਜਸਵੀਰ ਕੌਰ, ਮਨਜੀਤ ਕੌਰ ਮੱਠੀ ਅਤੇ ਜਗਵੀਰ ਸਿੰਘ ਤਰਖੇੜੀ ਆਦਿ ਮੌਜੂਦ ਸਨ।