30 ਵਿਅਕਤੀ ਨਾਮਜਦ, 150 ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ
30 ਵਿਅਕਤੀਆਂ ਨੂੰ ਨਾਮਜਦ, 150 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Publish Date: Sun, 26 Apr 2026 06:11 PM (IST)
Updated Date: Mon, 27 Apr 2026 04:11 AM (IST)

ਮਾਮਲਾ ਭਵਨੀਗੜ੍ਹ ਦੀ ਟਰੱਕ ਯੂਨੀਅਨ ਦਾ- ਪੁਲਿਸ ’ਤੇ ਪਥਰਾਅ ਤੇ ਸਰਕਾਰੀ ਗੱਡੀਆਂ ਭੰਨਣੀਆਂ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਸ਼ਨਿੱਚਰਵਾਰ ਦੀ ਰਾਤ ਹਿੰਸਕ ਰੂਪ ਧਾਰ ਲਿਆ, ਜਦੋਂ ਹਾਈਵੇਅ ਜਾਮ ਕਰਕੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ ਪੁਲਿਸ ਦੀਆਂ ਤਿੰਨ ਸਰਕਾਰੀ ਗੱਡੀਆਂ ਦੀ ਵੱਡੇ ਪੱਧਰ ’ਤੇ ਭੰਨ-ਤੋੜ ਕੀਤੀ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਤੇ ਤਣਾਅ ਦਾ ਮਾਹੌਲ ਬਣ ਗਿਆ। ਐਤਵਾਰ ਨੂੰ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ 30 ਪ੍ਰਦਰਸ਼ਨਕਾਰੀਆਂ ਨੂੰ ਬਾਈ ਨੇਮ ਨਾਮਜ਼ਦ ਕਰਦਿਆਂ ਤੇ 150 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਮੌਜੂਦਾ ਹਲਕਾ ਵਿਧਾਇਕ ਦੇ ਕਰੀਬੀ ਲਵਲੀ ਸ਼ਰਮਾ ਕਾਕੜਾ, ਗੁਰਪ੍ਰੀਤ ਸਿੰਘ ਫੱਗੂਵਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਲਖਵਿੰਦਰ ਸਿੰਘ ਲੱਖਾ ਫੱਗੂਵਾਲਾ, ਜਗਸੀਰ ਝਨੇੜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਬਾਲਦ ਕਲਾਂ, ਹਰਜੀਤ ਸਿੰਘ ਬੀਟਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਮੀਤ ਸਿੰਘ ਭਵਾਨੀਗੜ੍ਹ, ਰਣਜੀਤ ਸਿੰਘ ਕਾਕਾ ਤੂਰ, ਦੀਪ ਪੰਨਵਾਂ, ਸਿੰਪੀ ਬਾਜਵਾ, ਬਿਕਰ ਸਿੰਘ ਭਵਾਨੀਗੜ੍ਹ, ਤਰਸੇਮ ਨੰਦਗੜ੍ਹ, ਸਾਹਿਲ ਕਾਕੜਾ, ਜਗਦੀਪ ਸਿੰਘ ਨਰੈਣਗੜ੍ਹ, ਜਸਵਿੰਦਰ ਘਰਾਚੋਂ, ਗੁਰਸੰਤ ਕਾਕੜਾ, ਜੱਗੀ ਨੰਦਗੜ੍ਹ, ਬਿੰਦਰ ਘਰਾਚੋਂ, ਗੁਰਜੰਟ ਭਵਾਨੀਗੜ੍ਹ, ਹਰਵਿੰਦਰ ਸਿੰਘ ਭਵਾਨੀਗੜ੍ਹ, ਕਾਕਾ ਸਿੰਘ ਕਾਕੜਾ, ਹਰਦੀਪ ਸਿੰਘ ਭਵਾਨੀਗੜ੍ਹ, ਰਣਜੀਤ ਸਿੰਘ, ਮਨੀ ਕਾਕੜਾ, ਹੈਪੀ ਸ਼ਰਮਾ ਕਾਕੜਾ, ਹਨੀ ਭਵਾਨੀਗੜ੍ਹ ਅਤੇ ਮਨਦੀਪ ਸਿੰਘ ਆਦਿ ਖ਼ਿਲਾਫ਼ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਕ 26 ਧਰਨਾਕਾਰੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਪਹਿਚਾਣ ਲਈ ਵੀਡੀਓ ਫੁਟੇਜ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਜਦਕਿ ਹਾਲਾਤ ਨੂੰ ਕਾਬੂ ’ਚ ਰੱਖਣ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਧਰ, ਵਿਵਾਦ ਮਗਰੋਂ ਐਤਵਾਰ ਨੂੰ ਦੂਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਟਰੱਕ ਯੂਨੀਅਨ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਗਿਆ। ਮਾਲਵਿੰਦਰ ਮਾਲਾ ਨੇ ਆਪ੍ਰੇਟਰਾਂ ਦੀ ਹਾਜ਼ਰੀ ਚ ਸੰਭਾਲਿਆ ਅਹੁਦਾ ਇਸ ਦੌਰਾਨ ਯੂਨੀਅਨ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਨੇ ਮੌਕੇ ’ਤੇ ਪਹੁੰਚ ਕੇ ਆਪ੍ਰੇਟਰਾਂ ਦਾ ਧੰਨਵਾਦ ਕਰਦਿਆਂ ਘਟਨਾ ’ਤੇ ਅਫਸੋਸ ਜਤਾਇਆ। ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਚ ਟਰੱਕ ਆਪ੍ਰੇਟਰਾਂ ਦੀ ਹਾਜ਼ਰੀ ’ਚ ਯੂਨੀਅਨ ਦਾ ਕਾਰਜ ਸੰਭਾਲਿਆ ਤੇ ਪੁਕਾਰ ਕਰਵਾਈ। ਇਸ ਦੌਰਾਨ ਐੱਸਪੀ ਸੰਗਰੂਰ ਦਵਿੰਦਰ ਅੱਤਰੀ, ਐੱਸਪੀ ਸੰਗਰੂਰ ਰਾਜੇਸ਼ ਛਿੱਬਰ, ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ, ਥਾਣਾ ਮੁਖੀ ਮਾਲਵਿੰਦਰ ਸਿੰਘ ਭਾਰੀ ਪੁਲਿਸ ਬਲ ਸਮੇਤ ਟਰੱਕ ਯੂਨੀਅਨ ’ਚ ਤਾਇਨਾਤ ਰਹੇ। ਭਰਾਜ ਨੇ ਪੁਲਿਸ ਕਾਰਵਾਈ ਦੀ ਕੀਤੀ ਨਿੰਦਾ ਉਧਰ, ਦੂਜੇ ਪਾਸੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੀੜਤ ਪਰਿਵਾਰਾਂ ਨਾਲ ਮਿਲਕੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਗੱਲਬਾਤ ਦੀ ਬਜਾਏ ਜ਼ਬਰਦਸਤੀ ਦਾ ਰਾਹ ਅਪਣਾ ਕੇ ਬੇਵਜ੍ਹਾ ਲਾਠੀਚਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਵਰਕਰਾਂ ’ਤੇ ਸੰਗੀਨ ਧਾਰਾਵਾਂ ਲਗਾ ਕੇ ਗ੍ਰਿਫ਼ਤਾਰ ਕਰਨਾ ਗਲਤ ਹੈ ਤੇ ਮਾਮਲੇ ਸਬੰਧੀ ਪਾਰਟੀ ਹਾਈਕਮਾਂਡ ਨੂੰ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਰਿਵਾਰ ਅਦਾਲਤ ਦਾ ਰੁੱਖ ਕਰਦੇ ਹਨ ਤਾਂ ਉਹ ਹਰ ਪੱਧਰ ’ਤੇ ਉਨ੍ਹਾਂ ਦਾ ਸਾਥ ਦੇਣਗੇ।