ਨਾਂ ਬਦਲ ਕੇ ਜ਼ਮੀਨ ਵੇਚਣ ਦੇ ਮਾਮਲੇ ’ਚ 3 ਨਾਮਜ਼ਦ
ਨਾਂ ਬਦਲ ਕੇ ਅਲੋਪ ਵਿਅਕਤੀਆਂ ਦੀ ਜਮੀਨ ਵੇਚਣ ਦੇ ਮਾਮਲੇ ’ਚ 3 ਨਾਮਜ਼ਦ
Publish Date: Thu, 14 May 2026 07:15 PM (IST)
Updated Date: Fri, 15 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਥਾਨਕ ਪੁਲਿਸ ਨੇ ਨਾਂਅ ਬਦਲ ਕੇ ਅਲੋਪ ਵਿਅਕਤੀਆਂ ਦੀ ਜ਼ਮੀਨ ਵੇਚਣ ਦੇ ਇਕ ਮਾਮਲੇ ਵਿਚ ਧੋਖਾਧੜੀ ਤੇ ਜਾਅਲਸਾਜ਼ੀ ਦਾ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਉਪਰੋਕਤ ਕਾਰਵਾਈ ਦਰਸ਼ਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਭੈਰੋਂਪੁਰ ਵੱਲੋਂ ਆਪਣੇ ਹੀ ਸਕੇ ਭਰਾ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਸੀ ਕਿ ਸਾਲ 1989 ਵਿਚ ਉਸ ਦੇ ਸਕੇ ਭਰਾ ਲਾਭ ਸਿੰਘ ਨੇ 6 ਏਕੜ ਜ਼ਮੀਨ ਹੰਸ ਨਗਰ, ਤਹਿਸੀਲ ਪਲੀਆ, ਜ਼ਿਲ੍ਹਾ ਲਖੀਮਪੁਰ ਖੀਰੀ, (ਉੱਤਰ ਪ੍ਰਦੇਸ਼) ਵਿਖੇ ਖ਼ਰੀਦੀ ਸੀ। ਉਸ ਨੇ ਜਮੀਨ ਉੱਪਰ ਇਕ ਛੋਟਾ ਜਿਹਾ ਰਿਹਾਇਸ਼ੀ ਮਕਾਨ ਬਣਾ ਲਿਆ ਸੀ। ਲਾਭ ਸਿੰਘ ਦੀ ਰਿਹਾਇਸ਼ ਪਿੰਡ ਭੈਰੋਂਪੁਰ ਵਿਖੇ ਵੀ ਸੀ। ਇਸ ਦੌਰਾਨ ਇਸਨੂੰ ਪਿੰਡ ਦੇ ਉਕਤ ਰਕਬਿਆਂ ਬਾਰੇ ਪੂਰੀ ਜਾਣਕਾਰੀ ਰਹੀ ਤੇ ਇਸ ਨੇ ਇੰਦਰ ਸਿੰਘ, ਬਿਸ਼ਨ ਸਿੰਘ, ਨਵੀਰਾ ਸਿੰਘ ਅਤੇ ਰਾਮਦਿੱਤਾ ਸਿੰਘ ਜੋ ਪਿੰਡ ਵਿੱਚੋਂ ਲੰਬੇ ਸਮੇਂ ਤੋਂ ਅਲੋਪ ਸਨ ਤੇ ਹੁਣ ਤੱਕ ਵੀ ਉਨ੍ਹਾਂ ਦਾ ਕੋਈ ਵਾਰਸ ਸਾਹਮਣੇ ਨਹੀਂ ਆਇਆ। ਇਨ੍ਹਾਂ ਚਾਰਾਂ ਭਰਾਵਾਂ ਦੇ ਨਾਮ ਮਾਲ ਮਹਿਕਮੇ ਵਿਚ ਪਿੰਡ ਭੈਰੋਪੁਰ ਵਿਖੇ 16 ਕਨਾਲ 10 ਮਰਲੇ ਜਮੀਨ ਸੀ। ਜਿਸ ਨੂੰ ਲਾਭ ਸਿੰਘ ਦਾ ਪਰਿਵਾਰ ਹੀ ਵਾਹ-ਬੀਜ ਰਿਹਾ ਸੀ। ਇਸ ਨੂੰ ਹੱੜਪਣ ਦੀ ਨੀਯਤ ਨਾਲ ਲਾਭ ਸਿੰਘ ਨੇ ਸਾਲ 2021-22 ਦੌਰਾਨ ਜ਼ਿਲ੍ਹਾ ਲਖੀਮਪੁਰਾ ਵਿਖੇ ਆਪਣਾ ਨਾਮ ਬਦਲਣ ਦਾ ਇਸ਼ਤਿਹਾਰ ਅਖਬਾਰਾਂ ਵਿਚ ਦੇ ਕੇ ਆਪਣਾ ਨਾਮ ਇੰਦਰ ਸਿੰਘ ਪੁੱਤਰ ਬਚਨ ਸਿੰਘ ਰੱਖ ਲਿਆ ਅਤੇ ਇੰਦਰ ਸਿੰਘ ਦੇ ਨਾਮ ਤੇ ਆਪਣੀ ਫ਼ੋਟੋ ਨਾਲ ਆਪਣੇ ਇੰਦਰ ਸਿੰਘ ਦੇ ਦਸਤਖਤਾਂ ਨਾਲ ਆਪਣਾ ਆਧਾਰ ਕਾਰਡ ਨੰਬਰ, ਪੈਨ ਕਾਰਡ ਨੰਬਰ ਅਤੇ ਜਨਮ ਮਿਤੀ ਤੇ ਇੰਡੀਅਨ ਬੈਂਕ ਵਿਚ ਖਾਤਾ ਇੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਹੰਸ ਨਗਰ, ਮਿਰਚੀਆ ਸੰਪੂਰਨ ਨਗਰ, ਫੋਰੇਸਟ ਰੇਂਜ ਖੇੜੀ, ਉੱਤਰ ਪ੍ਰਦੇਸ਼ ਬਣਵਾ ਲਏ ਅਤੇ ਕਾਗਜੀ-ਪੱਤਰ ਵਿਚ ਉਹ ਪੂਰੀ ਤਰ੍ਹਾ ਇੰਦਰ ਬਣ ਗਿਆ। ਲਾਭ ਸਿੰਘ ਨੇ ਇੰਦਰ ਸਿੰਘ ਬਣ ਕੇ ਬਿਸ਼ਨਾ ਸਿੰਘ, ਨਵੀਰਾ ਸਿੰਘ ਅਤੇ ਰਾਮਦਿੱਤਾ ਸਿੰਘ ਦਾ ਜਮੀਨ ਵਿਚ ਹਿੱਸਾ ਹੋਣ ਕਾਰਨ ਆਪਣੇ ਜ਼ਿਲ੍ਹਾ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿਚਲੇ ਰਿਸ਼ਤੇਦਾਰਾਂ ਗੁਰਵਿੰਦਰ ਸਿੰਘ ਨੂੰ ਨਵੀਰਾ ਸਿੰਘ ਵਜੋਂ, ਨੱਛਤਰ ਸਿੰਘ ਨੂੰ ਬਿਸ਼ਨਾ ਸਿੰਘ ਵਜੋਂ ਅਤੇ ਬਲਵਿੰਦਰ ਸਿੰਘ ਨੂੰ ਰਾਮਦਿੱਤਾ ਸਿੰਘ ਵਜੋਂ ਸਬ-ਰਜਿਸਟਰਾਰ ਪਲੀਆਂ ਕਲਾਂ ਉੱਤਰ ਪ੍ਰਦੇਸ਼ ਦੇ ਦਫਤਰ ਵਿਖੇ ਪੇਸ਼ ਕਰਕੇ ਉਨ੍ਹਾਂ ਪਾਸੋਂ ਆਪਣੇ ਨਾਮ ਮੁਖਤਿਆਰੇਆਮ ਮਿਤੀ 26-08-2022 ਨੂੰ ਤਿਆਰ ਕਰਵਾ ਲਿਆ। ਇਸ ਜਾਅਲੀ ਬੰਦੇ ਖੜੇ ਕਰਕੇ ਆਪਣੇ ਨਾਮ ਬਣਾਈ ਪਾਵਰ ਆਫ਼ ਅਟਾਰਨੀ ਨੂੰ ਲਾਭ ਸਿੰਘ ਸਾਬਕਾ ਸਰਪੰਚ ਪਿੰਡ ਭੈਰੋਪੁਰ ਨੇ ਇੰਦਰ ਸਿੰਘ ਬਣ ਕੇ ਸਬ-ਰਜਿਸਟਰਾਰ ਫਤਹਿਗੜ੍ਹ ਸਾਹਿਬ ਜੀ ਦੇ ਦਫ਼ਤਰ ਵਿਚ ਪੇਸ਼ ਕਰ ਕੇ ਖ਼ੁਦ ਨੂੰ ਇੰਦਰ ਸਿੰਘ ਵਜੋਂ ਪੇਸ਼ ਹੋ ਕੇ ਇੰਦਰ ਸਿੰਘ, ਨਵੀਰਾ ਸਿੰਘ, ਬਿਸ਼ਨਾ ਸਿੰਘ ਅਤੇ ਰਾਮਦਿੱਤਾ ਸਿੰਘ ਪੁੱਤਰਾਨ ਬਚਨ ਸਿੰਘ ਪੁੱਤਰ ਬੱਗਾ ਸਿੰਘ ਦੀ 16 ਕਨਾਲ 10 ਮਰਲੇ ਜ਼ਮੀਨ ਰਕਬਾ ਪਿੰਡ ਭੇਰੋਪੁਰ ਮਿਤੀ 10-11-2022 ਨੂੰ ਸਲਮਾ ਪਤਨੀ ਅਬਦੁੱਲ ਕਪੂਰ, ਅਜਮਤ ਪਤਨੀ ਹਦੀਸ ਮਹੁੰਮਦ, ਜਮੀਲਾ ਪਤਨੀ ਅਲੀ ਮਹੁੰਮਦ, ਬੱਸੋ ਪਤਨੀ ਬਲੀ ਮਹੁੰਮਦ, ਰਿਹਾਨਾ ਪਤਨੀ ਅਸਲਮ ਖਾਨ, ਨਸੀਰੁਦੀਨ ਪੁੱਤਰ ਫਕੀਰੁਦੀਨ, ਸਤਾਰ ਮਹੁੰਮਦ ਪੁੱਤਰ ਫਕੀਰੁਦੀਨ, ਜਮੀਲ ਖਾਨ ਪੁੱਤਰ ਫਕੀਰੁਦੀਨ ਵਾਸੀਆਨ ਪਿੰਡ ਮਹਾਦੇਵਪੁਰ ਸੰਕੇਤੜੀ, ਜ਼ਿਲ੍ਹਾ ਪੰਚਕੂਲਾ ਨੂੰ ਵੇਚ ਦਿੱਤੀ। ਪੜਤਾਲੀਆ ਅਫ਼ਸਰ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਇਸ ਤਰ੍ਹਾਂ ਲਾਭ ਸਿੰਘ, ਗੁਰਵਿੰਦਰ ਸਿੰਘ, ਨੱਛਤਰ ਸਿੰਘ ਸਿੰਘ ਨੇ ਪੰਜਾਬ ਸਰਕਾਰ ਦੇ ਮਾਲ ਮਹਿਕਮਾ ਨਾਲ ਫਰਜੀ ਕਾਗਜ ਬਣਾ ਕੇ ਧੋਖਾਧੜੀ ਅਤੇ ਜਾਅਲਸਾਜੀ ਕੀਤੀ ਹੈ। ਇਸ ਲਈ ਲਾਭ ਸਿੰਘ , ਨਛੱਤਰ ਸਿੰਘ ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਭੈਰੋਂਪੁਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਸੌਂਪੀ ਗਈ ਹੈ।