ਐੱਸਡੀ ਮਾਡਲ ਸਕੂਲ ਵਿਖੇ 15 ਰੋਜ਼ਾ ਜਲ ਪੰਦਰਵਾੜਾ ਸੰਪੰਨ
ਐੱਸਡੀ ਮਾਡਲ ਸਕੂਲ ਵਿਖੇ 15 ਰੋਜ਼ਾ ਜਲ ਪਖਵਾੜਾ ਸੰਪੰਨ
Publish Date: Thu, 30 Apr 2026 06:28 PM (IST)
Updated Date: Thu, 30 Apr 2026 06:31 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਐੱਸਡੀ ਮਾਡਲ ਸਕੂਲ ਵਿਖੇ ਪ੍ਰਬੰਧਕੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ ‘ਜਲ ਪੰਦਰਵਾੜਾ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਨੂੰ ਪਾਣੀ ਦੀ ਮਹੱਤਤਾ ਤੇ ਇਸ ਦੀ ਦੁਰਵਰਤੋਂ ਰੋਕਣ ਪ੍ਰਤੀ ਜਾਗਰੂਕ ਕਰਨਾ ਸੀ। ਪੰਦਰਵਾੜੇ ਦੀ ਸ਼ੁਰੂਆਤ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ, ਜਿੱਥੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪਾਣੀ ਦੀ ਬਚਤ ਕਰਨ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਦੀ ਸਹੁੰ ਚੁੱਕੀ। ਇਸ ਦੌਰਾਨ 17 ਤੋਂ 19 ਅਪ੍ਰੈਲ ਤੱਕ ਇਲੈਕਟ੍ਰਾਨਿਕ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪੰਦਰਵਾੜੇ ਦੇ ਅਗਲੇ ਪੜਾਅ ’ਚ 20 ਅਤੇ 21 ਅਪ੍ਰੈਲ ਨੂੰ ਜਾਗਰੂਕਤਾ ਵਰਕਸ਼ਾਪ ਅਤੇ 22-23 ਅਪ੍ਰੈਲ ਨੂੰ ਕੁਇੱਜ਼ ਮੁਕਾਬਲਾ ਕਰਵਾਇਆ ਗਿਆ। 24 ਤੋਂ 26 ਅਪ੍ਰੈਲ ਤੱਕ ਸਮਾਜਿਕ ਭਾਗੀਦਾਰੀ ਪ੍ਰੋਗਰਾਮ ਤਹਿਤ ਡਾ. ਅਮਿਤ ਸੰਧਲ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ। ਡਾ. ਅਮਿਤ ਸੰਧਲ ਨੇ ਪਾਣੀ ਦੇ ਸਰੋਤਾਂ ਦੇ ਪ੍ਰਦੂਸ਼ਿਤ ਹੋਣ ’ਤੇ ਚਿੰਤਾ ਪ੍ਰਗਟਾਈ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਸਕੂਲ ਕੈਂਪਸ ’ਚ ਬੂਟੇ ਵੀ ਲਗਾਏ। 27 ਅਤੇ 28 ਅਪ੍ਰੈਲ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਡਾ. ਅਮਿਤ ਸੰਧਲ ਅਤੇ ਡਾ. ਤਨੂ ਗੁਪਤਾ ਨੇ ਬਤੌਰ ਗੈਸਟ ਲੈਕਚਰਾਰ ਸ਼ਿਰਕਤ ਕੀਤੀ। ਡਾ. ਤਨੂ ਗੁਪਤਾ ਨੇ ਵਿਦਿਆਰਥੀਆਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੇ ਹੈਜ਼ਾ, ਟਾਈਫਾਈਡ ਤੇ ਪੀਲੀਆ ਵਰਗੇ ਰੋਗਾਂ ਤੋਂ ਬਚਣ ਦੇ ਨੁਕਤੇ ਸਾਂਝੇ ਕੀਤੇ। ਅੰਤਿਮ ਪੜਾਅ ’ਚ 29 ਅਪ੍ਰੈਲ ਨੂੰ ਬਾਲ ਸੰਸਦ ਗਰੁੱਪ ਦੀ ਮੀਟਿੰਗ ਹੋਈ। 30 ਅਪ੍ਰੈਲ ਨੂੰ ਇਨਾਮ ਵੰਡ ਸਮਾਰੋਹ ਨਾਲ ਪਖਵਾੜਾ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਜਨ ਕਲਿਆਣ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਅਮਿਤ ਸੰਧਲ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਅਰਚਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਬਚਤ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਚੇਅਰਮੈਨ ਐਂਕਾਂਸ਼ ਢੰਡ ਨੇ ਆਏ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਮੁਹਿੰਮ ਦੀ ਸਫ਼ਲਤਾ ’ਤੇ ਵਧਾਈ ਦਿੱਤੀ।