ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ 12ਵੀਂ ਸਾਲਾਨਾ ਐਥਲੈਟਿਕਸ ਮੀਟ ਸੰਪੰਨ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 12ਵੀਂ ਸਾਲਾਨਾ ਐਥਲੈਟਿਕ ਮੀਟ ਸੰਪੰਨ
Publish Date: Sat, 21 Feb 2026 07:44 PM (IST)
Updated Date: Sat, 21 Feb 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਕੈਂਪਸ ਵਿਚ 12ਵੀਂ ਸਾਲਾਨਾ ਐਥਲੈਟਿਕਸ ਮੀਟ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ। ਇਸ ਮੀਟ ਵਿਚ 500 ਤੋਂ ਵੱਧ ਲੜਕੇ ਅਤੇ ਲੜਕੀਆਂ ਖਿਡਾਰੀਆਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਹਿੱਸਾ ਲਿਆ, ਜਦਕਿ ਯੂਨੀਵਰਸਿਟੀ ਦੇ 20 ਵਿਭਾਗਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰ ਕੇ ਸਮਾਗਮ ਦੀ ਸ਼ੁਰੂਆਤ ਨੂੰ ਰੌਣਕਮਈ ਬਣਾਇਆ। ਪੂਰੇ ਦਿਨ ਦੌਰਾਨ ਕੈਂਪਸ ਵਿਚ ਖੇਡਾਂ ਦੀ ਰੂਹ ਅਤੇ ਮੁਕਾਬਲੇਬਾਜ਼ੀ ਦਾ ਮਾਹੌਲ ਬਣਿਆ ਰਿਹਾ। ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਟਰੱਸਟੀ ਮੈਂਬਰ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਚਰਿੱਤਰ ਨਿਰਮਾਣ, ਅਨੁਸ਼ਾਸਨ ਅਤੇ ਨੇਤ੍ਰਿਤਵ ਗੁਣਾਂ ਦੇ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਅਤੇ ਵਿਅਕਤੀ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ l ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਰਗਰਮ ਹਿੱਸਾ ਲੈਣ ਅਤੇ ਆਪਣੀ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ। ਇਸ ਮੌਕੇ ਉਪ ਕੁਲਪਤੀ ਪ੍ਰੋ. ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਵਿਦਿਆਰਥੀਆਂ ਵਿਚ ਟੀਮ ਵਰਕ, ਸਮਰਪਣ ਅਤੇ ਪ੍ਰਤੀਸਪਰਧਾਤਮਕ ਭਾਵਨਾ ਦਾ ਵਿਕਾਸ ਹੁੰਦਾ ਹੈ, ਜੋ ਭਵਿੱਖ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਡਾ. ਲਖਵੀਰ ਸਿੰਘ, ਪ੍ਰਿੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਡਾ. ਤੇਜ਼ਬੀਰ ਸਿੰਘ ਰਜਿਸਟਰਾਰ, ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਨਵਦੀਪ ਕੌਰ ਡੀਨ ਰਿਸਰਚ, ਡਾ. ਅੰਕਦੀਪ ਕੌਰ, ਡਾਇਰੈਕਟਰ, ਆਈਕਿਊਏਸੀ, ਡਾ. ਹਰਨੀਤ ਬਿਲਿੰਗ ਡੀਨ ਐਜੂਕੇਸ਼ਨ ਐਂਡ ਇਨਫੋਰਮੇਸ਼ਨ ਸਾਇੰਸਿਜ਼, ਜਗਜੀਤ ਸਿੰਘ ਡਿਪਟੀ ਰਜਿਸਟਰਾਰ ਫਾਇਨੈਂਸ, ਡਾ. ਬਲਵਿੰਦਰ ਕੌਰ ਡਿਪਟੀ ਰਜਿਸਟਰਾਰ, ਡਾ. ਵੀਐੱਸ ਭੁੱਲਰ ਮੁਖੀ, ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੀ ਮੌਜੂਦਗੀ ਨੇ ਸਮਾਰੋਹ ਦੀ ਸ਼ਾਨ ਵਿਚ ਵਾਧਾ ਕੀਤਾ। ਐਥਲੈਟਿਕਸ ਮੀਟ ਦੌਰਾਨ 100 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ, ਲੰਬੀ ਛਾਲ, ਸ਼ਾਟ ਪੁੱਟ ਅਤੇ 4×100 ਮੀਟਰ ਰੀਲੇ ਦੌੜ ਦੇ ਰੋਮਾਂਚਕ ਮੁਕਾਬਲੇ ਲੜਕਿਆਂ ਅਤੇ ਲੜਕੀਆਂ ਦੋਵਾਂ ਵਰਗਾਂ ਵਿਚ ਕਰਵਾਏ ਗਏ। ਖਿਡਾਰੀਆਂ ਨੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਮਿਲੇ ਉਤਸ਼ਾਹ ਨੇ ਮੈਦਾਨ ਵਿਚ ਜੋਸ਼ ਨੂੰ ਹੋਰ ਵਧਾਇਆ। ਹਰ ਇਕ ਮੁਕਾਬਲੇ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਜਿਸ ਨਾਲ ਮੁਕਾਬਲੇਬਾਜ਼ੀ ਦਾ ਮਿਆਰ ਬਹੁਤ ਉੱਚਾ ਰਿਹਾ। ਲੜਕੀਆਂ ਦੇ ਵਰਗ ਵਿਚ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੀ ਵਿਦਿਆਰਥਣ ਉਰਵੀ ਜੋਗ ਅਤੇ ਲੜਕਿਆਂ ਦੇ ਵਰਗ ਵਿਚ ਪੰਜਾਬੀ ਵਿਭਾਗ ਦੇ ਵਰਿੰਦਰ ਸਿੰਘ ਨੂੰ ਉਨ੍ਹਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨਕਾਰੀ ਲਈ ਸਰਵੋਤਮ ਖਿਡਾਰੀ ਦਾ ਖ਼ਿਤਾਬ ਪ੍ਰਦਾਨ ਕੀਤਾ ਗਿਆ। ਕੁੱਲ ਮਿਲਾ ਕੇ ਓਵਰਆਲ ਟਰਾਫੀ ਸਰੀਰਕ ਸਿੱਖਿਆ ਵਿਭਾਗ ਨੇ ਜਿੱਤ ਕੇ ਆਪਣੀ ਬਹੁਪੱਖੀ ਤਿਆਰੀ ਅਤੇ ਸਮਰਪਣ ਦਾ ਸਬੂਤ ਦਿੱਤਾ। ਇਸ ਸਪੋਰਟਸ ਮੀਟ ਦੀ ਇੱਕ ਖ਼ਾਸ ਵਿਸ਼ੇਸ਼ਤਾ ਫੈਕਲਟੀ ਮੈਂਬਰਾਂ ਲਈ ਕਰਵਾਏ ਗਏ ਮਨੋਰੰਜਕ ਮੁਕਾਬਲੇ ਸਨ। ਅਧਿਆਪਕਾਂ ਨੇ ਵੀ ਪੂਰੇ ਜੋਸ਼ ਨਾਲ ਹਿੱਸਾ ਲਿਆ। ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਅਰਜੁਨਾ ਐਵਾਰਡੀ ਦਿਲਪ੍ਰੀਤ ਸਿੰਘ ਬੱਲ ਅਤੇ ਵਰੁਣ ਕੁਮਾਰ ਸਨ। ਉਨ੍ਹਾਂ ਨੇ ਖਿਡਾਰੀਆਂ ਦੇ ਜ਼ਬਰਦਸਤ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਖ਼ੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਂ ਕਮਾਉਣ ਦੇ ਮੌਕੇ ਮਿਲਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਵਰਿੰਦਰ ਸਿੰਘ ਭੁੱਲਰ ਵੱਲੋਂ ਦਿਲਪ੍ਰੀਤ ਸਿੰਘ ਬੱਲ ਅਤੇ ਵਰੁਣ ਕੁਮਾਰ ਦਾ ਧੰਨਵਾਦ ਕੀਤਾ ਗਿਆ। ਇਹ 12ਵੀਂ ਸਾਲਾਨਾ ਐਥਲੈਟਿਕਸ ਮੀਟ ਯੂਨੀਵਰਸਿਟੀ ਦੀ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਸ਼ਾਨਦਾਰ ਪ੍ਰੋਗਰਾਮ ਨਾਲ ਯੂਨੀਵਰਸਿਟੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਸੰਸਥਾ ਦੀ ਪ੍ਰਾਥਮਿਕਤਾ ਹਨ ਅਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਇਹ ਦੋਵੇਂ ਪੱਖ ਇਕਸਾਰ ਮਹੱਤਵ ਰੱਖਦੇ ਹਨ।