ਕੌਂਸਲ ਚੋਣਾਂ ਲਈ ਜ਼ਿਲ੍ਹੇ ’ਚ 1.24 ਲੱਖ ਵੋਟਰ ਕਰਨਗੇ ਵੋਟ ਦੀ ਵਰਤੋਂ : ਡਾ. ਥਿੰਦ
ਨਗਰ ਕੌਂਸਲ ਚੋਣਾਂ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ 1.24 ਲੱਖ ਵੋਟਰ ਕਰਨਗੇ ਵੋਟ ਦੀ ਵਰਤੋਂ : ਡਾ. ਸੋਨਾ ਥਿੰਦ
Publish Date: Tue, 12 May 2026 05:28 PM (IST)
Updated Date: Tue, 12 May 2026 05:30 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਕੀਤੇ ਐਲਾਨ ਅਨੁਸਾਰ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਤੇ ਇਕ ਨਗਰ ਪੰਚਾਇਤ ਦੇ 80 ਵਾਰਡਾਂ ’ਚ 26 ਮਈ ਨੂੰ ਵੋਟਾਂ ਪੈਣਗੀਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 1,24,733 ਵੋਟਰ ਹਨ, ਜਿਨ੍ਹਾਂ ’ਚ 64,717 ਪੁਰਸ਼, 60,010 ਮਹਿਲਾ ਅਤੇ 6 ਥਰਡ ਜੈਂਡਰ ਵੋਟਰ ਸ਼ਾਮਲ ਹਨ। ਚੋਣਾਂ ਲਈ ਜ਼ਿਲ੍ਹੇ ’ਚ 137 ਪੋਲਿੰਗ ਬੂਥ ਬਣਾਏ ਗਏ ਹਨ। ਵੇਰਵਿਆਂ ਅਨੁਸਾਰ ਨਾਮਜ਼ਦਗੀਆਂ 13 ਮਈ ਤੋਂ 16 ਮਈ 2026 ਤੱਕ ਦਾਖ਼ਲ ਕੀਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੈਲਟ ਪੇਪਰ ਰਾਹੀਂ ਪੈਣਗੀਆਂ ਅਤੇ ਨਤੀਜਿਆਂ ਦਾ ਐਲਾਨ 29 ਮਈ ਨੂੰ ਕੀਤਾ ਜਾਵੇਗਾ। ਜ਼ਿਲ੍ਹੇ ਅੰਦਰ ਬਸੀ ਪਠਾਣਾ ਦੇ 15 ਵਾਰਡਾਂ ਲਈ 16,046 ਵੋਟਰ, ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਲਈ 52,565 ਵੋਟਰ, ਸਰਹਿੰਦ-ਫਤਹਿਗੜ੍ਹ ਸਾਹਿਬ ਦੇ 23 ਵਾਰਡਾਂ ਲਈ 48,468 ਵੋਟਰ ਅਤੇ ਖਮਾਣੋਂ ਦੇ 13 ਵਾਰਡਾਂ ਲਈ 7,654 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਡੀਸੀ ਨੇ ਸਮੂਹ ਐੱਸਡੀਐੱਮਜ਼ ਨੂੰ ਪੋਲਿੰਗ ਬੂਥਾਂ ਦਾ ਨਿੱਜੀ ਦੌਰਾ ਕਰਕੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ, ਚਰਨਜੋਤ ਸਿੰਘ ਵਾਲੀਆ, ਦੀਪਜੋਤ ਕੌਰ, ਅਰਵਿੰਦ ਕੁਮਾਰ ਗੁਪਤਾ, ਕਰੁਣ ਗੁਪਤਾ, ਜੋਬਨਦੀਪ ਕੌਰ ਅਤੇ ਹਰਭਜਨ ਸਿੰਘ ਮਹਿਮੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।