ਤੇਜ਼ ਰਫਤਾਰ ਗੱਡੀ ਨੇ ਮਾਰੀ ਟੱਕਰ; ਸਵਿਫਟ ਦਰੱਖਤ ’ਚ ਵੱਜੀ, 2 ਦੀ ਮੌਤ
-ਹਰਿਆਣਾ ਨੰਬਰ ਦੀ ਗੱਡੀ
Publish Date: Sat, 13 Dec 2025 09:44 PM (IST)
Updated Date: Sun, 14 Dec 2025 04:12 AM (IST)
-ਹਰਿਆਣਾ ਨੰਬਰ ਦੀ ਗੱਡੀ ਦਾ ਡਰਾਈਵਰ ਗਲਤ ਢੰਗ ਨਾਲ ਕਰ ਰਿਹਾ ਸੀ ਓਵਰਟੇਕ
-ਹਾਦਸੇ ’ਚ ਜ਼ਖਮੀ ਪੀਜੀਆਈ ਰੈਫਰ, ਦੂਜਾ ਆਈਸੀਯੂ ’ਚ ਦਾਖਲ
ਜਾਗਰਣ ਸੰਵਾਦਦਾਤਾ, ਪਟਿਆਲਾ:
ਓਮੈਕਸ ਸਿਟੀ ਸਰਹਿੰਦ ਰੋਡ ਨੇੜੇ ਇਕ ਤੇਜ਼ ਰਫਤਾਰ ਗੱਡੀ ਨੇ ਗਲਤ ਢੰਗ ਨਾਲ ਓਵਰਟੇਕ ਕਰਦੇ ਹੋਏ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਸਵਿਫਟ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ 11 ਦਸੰਬਰ ਦੀ ਰਾਤ ਨੂੰ ਕਰੀਬ 11.30 ਵਜੇ ਵਾਪਰਿਆ, ਜਦ 4 ਵਿਅਕਤੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮੁੜ ਰਹੇ ਸਨ। ਮ੍ਰਿਤਕਾਂ ਦੀ ਪਛਾਣ ਬੱਬੀ (35) ਵਾਸੀ ਪਿੰਡ ਦੁਲਬਾ ਤੇ ਧਰਮਵੀਰ ਵਾਸੀ ਪਿੰਡ ਖੇੜੀ ਗੁੱਜਰਾਂ ਪਟਿਆਲਾ ਵਜੋਂ ਹੋਈ ਹੈ•। ਉੱਥੇ ਹੀ ਜ਼ਖਮੀ ਸੁਲੱਖਣ ਸਿੰਘ ਨੂੰ ਨਾਭਾ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਗੁਰਚਰਨ ਸਿੰਘ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਬੱਬੀ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਹਰਿਆਣਾ ਨੰਬਰ ਐੱਚਆਰ37 ਐੱਫ 2483 ਦੀ ਗੱਡੀ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬੱਬੀ ਆਪਣੇ ਭਤੀਜੇ ਸੁਲੱਖਣ ਸਿੰਘ ਤੇ ਦੋਸਤਾਂ ਨਾਲ ਕਾਰ ’ਚ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਗਿਆ ਸੀ। ਮੁੜਦੇ ਸਮੇਂ ਇਕ ਤੇਜ਼ ਰਫਤਾਰ ਹਰਿਆਣਾ ਨੰਬਰ ਦੀ ਗੱਡੀ ਨੇ ਗਲਤ ਢੰਗ ਨਾਲ ਓਵਰਟੇਕ ਕਰਨ ਦੌਰਾਨ ਉਨ੍ਹਾਂ ਦੀ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਸਵਿਫਟ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਸਰੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੇ ਸਿਪਾਹੀ ਸਤਸਿਮਰਨ ਸਿੰਘ ਤੇ ਅਰੁਣ ਕੁਮਾਰ ਮੌਕੇ ’ਤੇ ਪੁੱਜੇ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਫਿਲਹਾਲ ਦੋਸ਼ੀ ਡਰਾਈਵਰ ਦੀ ਪਛਾਣ ਲਈ ਅਨਾਜ ਮੰਡੀ ਥਾਣਾ ਪੁਲਿਸ ਕਾਰਵਾਈ ਕਰ ਰਹੀ ਹੈ।