ਜੈਮਸ ਸਕੂਲ ’ਚ 'ਮਜ਼ਦੂਰ ਦਿਵਸ' ਮੌਕੇ ਸਹਾਇਕ ਸਟਾਫ਼ ਦਾ ਵਿਸ਼ੇਸ਼ ਸਨਮਾਨ
ਜੈਮਸ ਪਬਲਿਕ ਸਕੂਲ ਵਿਖੇ 'ਮਜ਼ਦੂਰ ਦਿਵਸ' ਮੌਕੇ ਸਹਾਇਕ ਸਟਾਫ਼ ਦਾ ਵਿਸ਼ੇਸ਼ ਸਨਮਾਨ
Publish Date: Thu, 30 Apr 2026 05:17 PM (IST)
Updated Date: Thu, 30 Apr 2026 05:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜੈਮਸ ਪਬਲਿਕ ਸਕੂਲ, ਪਟਿਆਲਾ ਵੱਲੋਂ ਆਪਣੇ ਸਹਾਇਕ ਸਟਾਫ਼ ਪ੍ਰਤੀ ਧੰਨਵਾਦ ਤੇ ਸਤਿਕਾਰ ਪ੍ਰਗਟ ਕਰਨ ਲਈ ਮਜ਼ਦੂਰ ਦਿਵਸ ਖਾਸ ਢੰਗ ਨਾਲ ਮਨਾਇਆ ਗਿਆ। ਸਕੂਲ ਵੱਲੋਂ ਕੀਤੀ ਗਈ ਇਸ ਵਿਸ਼ੇਸ਼ ਪਹਿਲਕਦਮੀ ਦਾ ਮਕਸਦ ਉਹਨਾਂ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕਰਨਾ ਸੀ ਜੋ ਸਕੂਲ ਦੀ ਰੋਜ਼ਾਨਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਪਰਦੇ ਪਿੱਛੇ ਰਹਿ ਕੇ ਅਹਿਮ ਯੋਗਦਾਨ ਪਾਉਂਦੇ ਹਨ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੌਕੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਹੁਤ ਹੀ ਸੁੰਦਰ ਥੈਂਕ ਯੂ ਕਾਰਡ ਤਿਆਰ ਕੀਤੇ ਅਤੇ ਸੇਵਾਦਾਰਨੀਆਂ ਤੇ ਸਹਾਇਕ ਸਟਾਫ਼ ਨੂੰ ਭੇਟ ਕੀਤੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਵੱਲੋਂ ਸਹਾਇਕ ਸਟਾਫ਼ ਨੂੰ ਸਤਿਕਾਰ ਵਜੋਂ ਖਾਣ-ਪੀਣ ਦੀਆਂ ਵਸਤੂਆਂ ਅਤੇ ਤੋਹਫ਼ਿਆਂ ਦੇ ਛੋਟੇ ਟੋਕਨ ਵੀ ਦਿੱਤੇ ਗਏ, ਜਿਸ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੂੰ ਹੋਰ ਯਾਦਗਾਰੀ ਬਣਾਉਣ ਲਈ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਰੱਖਿਆ ਗਿਆ। ਇਸ ਦੌਰਾਨ ਸਹਾਇਕ ਸਟਾਫ਼ ਨੂੰ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਉਹਨਾਂ ਨੂੰ ਰੋਜ਼ਾਨਾ ਦੀ ਭੱਜ-ਦੌੜ ਤੋਂ ਦੂਰ ਕੁਝ ਪਲ ਆਰਾਮ ਕਰਨ ਅਤੇ ਆਨੰਦ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਖੁਸ਼ੀ ਦੇ ਇਸ ਮੌਕੇ ਸਹਾਇਕ ਸਟਾਫ਼ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੁਰੀਲੇ ਗੀਤ ਸਾਂਝੇ ਕੀਤੇ, ਜਿਸ ਨੇ ਮਾਹੌਲ ਨੂੰ ਹੋਰ ਵੀ ਸੁਖਾਵਾਂ ਬਣਾ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਰਤ ਦੀ ਸ਼ਾਨ ਬਾਰੇ ਵੀ ਜਾਣੂ ਕਰਵਾਇਆ।