'ਕਮਰੇ ਬੰਦ ਕਰਕੇ ਆਪਣਾ ਕੰਮ ਕਰਾਂਗੇ...' ਚੋਣਾਂ ਦੌਰਾਨ ਹਲਕਾ ਸ਼ੁਤਰਾਣਾ ਦੇ ਵਿਧਾਇਕ ਦੀ ਵੀਡੀਓ ਵਾਇਰਲ; ਵਿਰੋਧੀਆਂ ਮਚਾਇਆ ਬਵਾਲ
ਨਗਰ ਕੌਂਸਲ ਚੋਣਾਂ ਦੇ ਗਰਮਾ-ਗਰਮ ਮਾਹੌਲ ਦੌਰਾਨ ਹਲਕਾ ਸ਼ੁਤਰਾਣਾ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਇੱਕ ਵਾਰ ਫਿਰ ਗੰਭੀਰ ਵਿਵਾਦਾਂ ਵਿੱਚ ਘਿਰ ਗਏ ਹਨ। ਪਹਿਲਾਂ '19 ਦਾ 21 ਮੋੜਨ' ਦੇ ਦਾਅਵੇ ਨੂੰ ਲੈ ਕੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਹੁਣ ਵਿਧਾਇਕ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਇੱਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ਨੂੰ ਚੋਣਾਂ ਵਿੱਚ ਪੈਸੇ ਖ਼ਰਾਬ ਨਾ ਕਰਨ ਅਤੇ ਘਰ ਬੈਠ ਜਾਣ ਦੀ ਸਲਾਹ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚੋਣਾਂ ਦੌਰਾਨ "ਕਮਰੇ ਬੰਦ ਕਰਕੇ ਆਪਣਾ ਕੰਮ ਕਰਨ" ਅਤੇ ਵੱਡੇ ਮਾਰਜਨ ਨਾਲ
Publish Date: Fri, 22 May 2026 12:11 PM (IST)
Updated Date: Fri, 22 May 2026 12:28 PM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ - ਨਗਰ ਕੌਂਸਲ ਚੋਣਾਂ ਦੇ ਗਰਮਾ-ਗਰਮ ਮਾਹੌਲ ਦੌਰਾਨ ਹਲਕਾ ਸ਼ੁਤਰਾਣਾ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਇੱਕ ਵਾਰ ਫਿਰ ਗੰਭੀਰ ਵਿਵਾਦਾਂ ਵਿੱਚ ਘਿਰ ਗਏ ਹਨ। ਪਹਿਲਾਂ '19 ਦਾ 21 ਮੋੜਨ' ਦੇ ਦਾਅਵੇ ਨੂੰ ਲੈ ਕੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਹੁਣ ਵਿਧਾਇਕ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਇੱਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ਨੂੰ ਚੋਣਾਂ ਵਿੱਚ ਪੈਸੇ ਖ਼ਰਾਬ ਨਾ ਕਰਨ ਅਤੇ ਘਰ ਬੈਠ ਜਾਣ ਦੀ ਸਲਾਹ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚੋਣਾਂ ਦੌਰਾਨ "ਕਮਰੇ ਬੰਦ ਕਰਕੇ ਆਪਣਾ ਕੰਮ ਕਰਨ" ਅਤੇ ਵੱਡੇ ਮਾਰਜਨ ਨਾਲ ਜਿੱਤਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਹੰਗਾਮਾ ਮੱਚ ਗਿਆ ਹੈ।
ਵਾਇਰਲ ਹੋਈ ਵੀਡੀਓ ਵਿੱਚ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜਨਤਕ ਤੌਰ 'ਤੇ ਕਹਿ ਰਹੇ ਹਨ, "ਸਭ ਨੂੰ ਪਤਾ ਹੈ ਕਿ ਜੇਕਰ ਭਾਜਪਾ, ਕਾਂਗਰਸ ਜਾਂ ਅਕਾਲੀ ਦਲ ਦਾ ਪ੍ਰਧਾਨ ਬਣਿਆ ਤਾਂ ਕੋਈ ਕੰਮ ਨਹੀਂ ਹੋਣਾ। ਜੇਕਰ ਸਾਡੀ ਪਾਰਟੀ ਦਾ ਪ੍ਰਧਾਨ ਬਣੇਗਾ, ਕੰਮ ਤਾਂ ਹੀ ਹੋਣਗੇ। ਇਸ ਲਈ ਵਿਰੋਧੀਆਂ ਨੂੰ ਬੇਨਤੀ ਕਰਦਾ ਹਾਂ ਕਿ ਬੈਠ ਜਾਓ, ਤੁਹਾਡਾ ਪੈਸਾ ਨਾਜਾਇਜ਼ ਖ਼ਰਾਬ ਹੋਵੇਗਾ। ਤੁਸੀਂ ਜਿੱਤਣਾ ਹੈ ਨਹੀਂ।" ਵੀਡੀਓ ਦੇ ਅਖੀਰ ਵਿੱਚ ਉਹ ਵਿਵਾਦਿਤ ਬਿਆਨ ਦਿੰਦੇ ਹੋਏ ਕਹਿੰਦੇ ਹਨ, "ਜੇ ਕੋਈ ਮਾੜੀ-ਮੋਟੀ ਕਸਰ ਰਹਿ ਗਈ, ਅਸੀਂ ਕਮਰੇ ਬੰਦ ਕਰਕੇ ਕੱਢ ਲਵਾਂਗੇ। ਅਸੀਂ ਕੋਈ ਕੁੱਟਮਾਰ ਨਹੀਂ ਕਰਾਂਗੇ, ਇਹ ਵਾਅਦਾ ਹੈ। ਸਿਰਫ਼ ਗੇਟ ਬੰਦ ਕਰਕੇ ਆਪਣਾ ਕੰਮ ਕਰਾਂਗੇ ਤੇ ਵੱਡੇ ਮਾਰਜਨ ਨਾਲ ਜਿੱਤਾਂਗੇ।" ਇਸ ਦੌਰਾਨ ਮੰਚ 'ਤੇ ਮੌਜੂਦ 'ਆਪ' ਦੇ ਜ਼ਿਲ੍ਹਾ ਇੰਚਾਰਜ ਤੇਜਿੰਦਰ ਮਹਿਤਾ ਵੀ ਇਹ ਸਭ ਸੁਣ ਕੇ ਖ਼ੁਸ਼ ਹੁੰਦੇ ਦਿਖਾਈ ਦੇ ਰਹੇ ਹਨ।
ਵਿਰੋਧੀ ਧਿਰਾਂ ਨੇ ਵਿਧਾਇਕ ਦੇ ਇਸ ਬਿਆਨ ਨੂੰ ਲੋਕਤੰਤਰ ਦਾ ਘਾਣ ਅਤੇ ਵੋਟਰਾਂ ਤੇ ਵਿਰੋਧੀਆਂ ਨੂੰ ਸਿੱਧੀ ਧਮਕੀ ਕਰਾਰ ਦਿੱਤਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਅਤੇ ਭਾਜਪਾ ਦੇ ਹਲਕਾ ਇੰਚਾਰਜ ਨਾਰਾਇਣ ਸਿੰਘ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ (ਡੀ.ਸੀ.), ਐੱਸ.ਐੱਸ.ਪੀ. ਪਟਿਆਲਾ ਅਤੇ ਡੀ.ਜੀ.ਪੀ. ਪੰਜਾਬ ਸਮੇਤ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਵਿਧਾਇਕ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਵਿਧਾਇਕ ਕੁਲਵੰਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਵਿਰੋਧੀ ਪਾਰਟੀਆਂ ਦੀ ਇੱਕ ਸਿਆਸੀ ਚਾਲ ਅਤੇ ਸਾਜ਼ਿਸ਼ ਕਰਾਰ ਦਿੱਤਾ ਹੈ।