ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੰਗਾਮਾ: ਵਿਦਿਆਰਥੀਆਂ ਨੇ ਗੇਟ ਕੀਤੇ ਬੰਦ, ਕੰਟੀਨਾਂ ਦੇ ਵਧੇ ਰੇਟਾਂ ਅਤੇ ਨਤੀਜਿਆਂ 'ਚ ਦੇਰੀ ਖ਼ਿਲਾਫ਼ ਖੋਲ੍ਹਿਆ ਮੋਰਚਾ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਵਿਦਿਆਰਥੀਆਂ ਦੀ ਲੁੱਟ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦਿਆਰਥੀ ਆਗੂਆਂ ਅਨੁਸਾਰ ਯੂਨੀਵਰਸਿਟੀ ਵੱਲੋਂ ਸਟੂਡੈਂਟ ਐਕਟੀਵਿਟੀ ਫੰਡ ਬਾਰੇ ਵੀ ਜਾਣਕਾਰੀ ਜਨ ਤੱਕ ਨਹੀਂ ਕੀਤੀ ਜਾ ਰਹੀ ਹੈ।
Publish Date: Wed, 18 Mar 2026 09:59 AM (IST)
Updated Date: Wed, 18 Mar 2026 10:02 AM (IST)

ਨਵਦੀਪ ਢੀਂਗਰਾ,ਪੰਜਾਬੀ ਜਾਗਰਣ,ਪਟਿਆਲਾ : ਵਿਦਿਆਰਥੀਆਂ ਵੱਲੋਂ ਬੁੱਧਵਾਰ ਦੀ ਸਵੇਰ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਗੇਟ ਬੰਦ ਹੋਰ ਹੋਣ ਕਰਕੇ ਵੱਡੀ ਗਿਣਤੀ ਮੁਲਾਜ਼ਮ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਦੇ ਬੈਨਰ ਹੇਠ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅੰਦਰ ਕਰੀਬ 10 ਤੋਂ ਵੱਧ ਕੰਟੀਨਾਂ ਹਨ। ਇਹਨਾਂ ਵਿੱਚੋਂ ਤਿੰਨ ਕੰਟੀਨਾਂ ਬੰਦ ਹਨ ਅਤੇ ਜਿਹੜੀਆਂ ਕੰਟੀਨਾਂ ਖੁੱਲੀਆਂ ਹਨ ਉਹਨਾਂ ਤੇ ਬਿਨਾਂ ਕਿਸੇ ਅਗਾਉ ਸੂਚਨਾ ਤੋਂ ਹਰ ਵਸਤੂ ਦਾ ਮੁੱਲ ਵਧਾ ਦਿੱਤਾ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਵਿਦਿਆਰਥੀਆਂ ਦੀ ਲੁੱਟ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦਿਆਰਥੀ ਆਗੂਆਂ ਅਨੁਸਾਰ ਯੂਨੀਵਰਸਿਟੀ ਵੱਲੋਂ ਸਟੂਡੈਂਟ ਐਕਟੀਵਿਟੀ ਫੰਡ ਬਾਰੇ ਵੀ ਜਾਣਕਾਰੀ ਜਨ ਤੱਕ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਦੇਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕਈ ਵਿਦਿਆਰਥੀ ਨੂੰ ਸਰਟੀਫਿਕੇਟ ਅਤੇ ਡਿਗਰੀਆਂ ਲੈਣ ਲਈ ਕਈ ਕਈ ਮਹੀਨੇ ਤੱਕ ਉਡੀਕ ਕਰਨੀ ਪੈਂਦੀ ਹੈ ਜਿਸ ਕਰਕੇ ਉਹਦੇ ਹਾਥੀਆਂ ਦਾ ਭਵਿੱਖ ਵੀ ਖਤਰੇ ਵਿੱਚ ਹੀ ਰਹਿੰਦਾ ਹੈ। ਵਿਦਿਆਰਥੀ ਆਗੂ ਕੁਸ਼ਲਦੀਪ ਸਿੰਘ ਨੇ ਕਿਹਾ ਕਿ ਇੰਨਾ ਸਮੱਸਿਆਵਾਂ ਬਾਰੇ ਮੇਰੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰੰਤੂ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਹੈ। ਜਿਸ ਕਰਕੇ ਵਿਦਿਆਰਥੀ ਮਸਲਿਆਂ ਦੇ ਹੱਲ ਲਈ ਅੱਜ ਮਜਬੂਰਨ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਖਬਰ ਲਿਖੇ ਜਾਣ ਤੱਕ ਵਿਦਿਆਰਥੀਆਂ ਦਾ ਧਰਨਾ ਜਾਰੀ ਸੀ।