ਸ਼ੰਭੂ-ਘਨੌਰ ਰੋਡ ’ਤੇ ਬਿਨਾਂ ਤਰਪਾਲਾਂ ਤੋਂ ਦੌੜ ਰਹੇ ਮਿੱਟੀ ਦੇ ਟਿੱਪਰ
ਸ਼ੰਭੂ-ਘਨੌਰ ਰੋਡ ‘ਤੇ ਬਿਨਾਂ ਤਰਪਾਲਾਂ ਤੋਂ ਦੌੜ ਰਹੇ ਮਿੱਟੀ ਦੇ ਟਿੱਪਰ
Publish Date: Wed, 20 May 2026 05:59 PM (IST)
Updated Date: Wed, 20 May 2026 06:04 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਸ਼ੰਭੂ ਤੋਂ ਘਨੌਰ ਰੋਡ ’ਤੇ ਮਿੱਟੀ ਨਾਲ ਭਰੇ ਟਿੱਪਰਾਂ ਵੱਲੋਂ ਟਰੈਫਿਕ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿਚ ਮਿੱਟੀ ਤੇ ਰੇਤ ਨਾਲ ਭਰੇ ਟਿੱਪਰ ਬਿਨਾਂ ਤਰਪਾਲਾਂ ਤੋਂ ਸੜਕਾਂ ’ਤੇ ਦੌੜ ਰਹੇ ਹਨ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਦੌੜ ਰਹੇ ਇਨ੍ਹਾਂ ਟਿੱਪਰਾਂ ਵਿਚ ਮਿੱਟੀ ਖੁੱਲ੍ਹੀ ਪਈ ਹੋਣ ਕਾਰਨ ਤੇਜ਼ ਹਵਾ ਨਾਲ ਧੂੜ ਉੱਡਦੀ ਰਹਿੰਦੀ ਹੈ। ਇਸ ਨਾਲ ਮੋਟਰਸਾਈਕਲ, ਸਕੂਟਰ ਅਤੇ ਸਾਈਕਲ ਸਵਾਰਾਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ। ਕਈ ਵਾਰ ਉੱਡਦੀ ਮਿੱਟੀ ਅੱਖਾਂ ਵਿਚ ਪੈਣ ਕਾਰਨ ਹਾਦਸਿਆਂ ਦਾ ਖਤਰਾ ਵੀ ਬਣ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟਿੱਪਰ ਚਾਲਕ ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਸੜਕਾਂ ‘ਤੇ ਬੇਧੜਕ ਵਾਹਨ ਚਲਾ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਵੇਰੇ ਤੋਂ ਸ਼ਾਮ ਤੱਕ ਇਹ ਟਿੱਪਰ ਲਗਾਤਾਰ ਸੜਕਾਂ ’ਤੇ ਦੌੜਦੇ ਰਹਿੰਦੇ ਹਨ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ’ਚ ਧੂੜ ਦਾ ਗੁਬਾਰ ਬਣਿਆ ਰਹਿੰਦਾ ਹੈ। ਗਰਮੀ ਦੇ ਮੌਸਮ ਵਿਚ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ, ਕਿਉਂਕਿ ਸੁੱਕੀ ਮਿੱਟੀ ਤੇਜ਼ੀ ਨਾਲ ਹਵਾ ਵਿਚ ਉੱਡਦੀ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਅੱਖਾਂ ਵਿਚ ਜਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਿਨਾਂ ਤਰਪਾਲਾਂ ਤੋਂ ਮਿੱਟੀ ਅਤੇ ਰੇਤ ਢੋਣ ਵਾਲੇ ਟਿੱਪਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਟਿੱਪਰਾਂ ਨੂੰ ਢੱਕ ਕੇ ਨਾ ਚਲਾਇਆ ਗਿਆ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਬੰਧੀ ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਜਲਦ ਹੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਤਰਪਾਲਾਂ ਤੋਂ ਮਿੱਟੀ ਅਤੇ ਰੇਤ ਢੋਣ ਵਾਲੇ ਟਿੱਪਰਾਂ ਦੀ ਜਾਂਚ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਟਿੱਪਰ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।