ਥਾਣਾ ਸਦਰ ਰਾਜਪੁਰਾ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਐਂਟੀ ਸਾਬੋਤਾਜ ਟੀਮ ਦੇ ਨਾਲ ਸਾਰੇ ਸਕੂਲ ਦੀ ਜਾਂਚ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਧਮਕੀ ਭਰੀਆਂ ਈਮੇਲ ਆਉਂਦੀਆਂ ਰਹਿੰਦੀਆਂ ਹਨ।

ਐਚ ਐਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ: ਰਾਜਪੁਰਾ ਸਰਹੰਦ ਰੋਡ ਉੱਤੇ ਸਥਿਤ ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਦੀ ਈਮੇਲ ਉੱਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਘਰਾਂ ਵਿੱਚ ਭੇਜ ਦਿੱਤਾ ਗਿਆ। ਥਾਣਾ ਸਦਰ ਪੁਲਿਸ ਨੂੰ ਸੂਚਿਤ ਕਰਨ ਮਗਰੋਂ ਪੁਲਿਸ ਪ੍ਰਸ਼ਾਸਨ ਸਕੂਲ ਵਿੱਚ ਜਾਂਚ ਦੇ ਕੰਮ ਚ' ਜੁਟ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਸਰਹਿੰਦ ਰੋਡ ਉੱਤੇ ਸਥਿਤ ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਨਿਰਧਾਰਿਤ ਸਮੇਂ ਉੱਤੇ ਲੱਗਿਆ ਤਾਂ ਕਰੀਬ 9 ਵਜੇ ਪ੍ਰਿੰਸੀਪਲ ਨੀਸੂ ਸ਼ਰਮਾ ਦੀ ਈਮੇਲ ਉੱਤੇ ਇੱਕ ਧਮਕੀ ਭਰੀ ਈਮੇਲ ਆਈ। ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪ੍ਰਿੰਸੀਪਲ ਨਿਸ਼ੂ ਸ਼ਰਮਾ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਸਕੂਲ ਦੀ ਇਮਾਰਤ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਅਤੇ ਉਨ੍ਹਾਂ ਵੱਲੋਂ ਐਸਐਸਪੀ ਪਟਿਆਲਾ, ਡੀਐਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਸਦਰ ਰਾਜਪੁਰਾ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਆਪਣੀ ਪੁਲਿਸ ਟੀਮ ਅਤੇ ਐਂਟੀ ਸਾਬੋਤਾਜ ਟੀਮ ਦੇ ਨਾਲ ਸਕੂਲ ਦੇ ਵਿੱਚ ਪੁੱਜ ਕੇ ਆਪਣੀ ਜਾਂਚ ਵਿੱਚ ਜੁਟ ਗਏ ਸਨ। ਇਸ ਮੌਕੇ ਪ੍ਰਿੰਸੀਪਲ ਨਿਸ਼ੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਤਾਂ ਉਨ੍ਹਾਂ ਵੱਲੋਂ ਤੁਰੰਤ ਅੱਧੇ ਘੰਟੇ ਦੇ ਵਿੱਚ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਘਰਾਂ ਨੂੰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਈਮੇਲ ਡਰਾਉਣ ਅਤੇ ਧਮਕਾਉਣ ਦੇ ਲਈ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਸਕੂਲ ਆਮ ਦੀ ਤਰ੍ਹਾਂ ਚੱਲਣ ਸਬੰਧੀ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਮੈਸੇਜ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਰਾਜਪੁਰਾ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਐਂਟੀ ਸਾਬੋਤਾਜ ਟੀਮ ਦੇ ਨਾਲ ਸਾਰੇ ਸਕੂਲ ਦੀ ਜਾਂਚ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਧਮਕੀ ਭਰੀਆਂ ਈਮੇਲ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪੁਲਿਸ ਪੂਰੀ ਬਰੀਕੀ ਦੇ ਨਾਲ ਜਾਂਚ ਕਰ ਰਹੀ। ਇਸ ਤੋਂ ਇਲਾਵਾ ਈਮੇਲ ਕਿੱਥੋਂ ਅਤੇ ਕਿਹੜੇ ਇੰਟਰਨੈਟ ਜਰੀਏ ਆਈ ਹੈ ਸਬੰਧੀ ਵੀ ਟੀਮ ਜਾਂਚ ਵਿੱਚ ਜੁਟੀ ਹੋਈ ਹੈ।