- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਵੱਲੋਂ ਉਲੀਕੀ ਰਣਨੀਤੀ ਤਹਿਤ 9 ਜੂਨ ਤੋਂ ਤੀਜੇ ਤੇ ਆਖਰੀ ਪੜਾਅ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਇਸ ਪੜਾਅ ਅਧੀਨ ਸੂਬੇ ਦੇ 10 ਮੁੱਖ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ’ਚ ਕਿਸਾਨਾਂ ਨੇ ਖੇਤਾਂ ਵਿਚ ਕੱਦੂ ਕਰ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ’ਚ ਝੋਨੇ ਦੀ ਲੁਆਈ ਦਾ ਤੀਜਾ ਤੇ ਆਖਰੀ ਪੜਾਅ ਸ਼ੁਰੂ ਹੁੰਦਿਆਂ ਹੀ ਸੂਬੇ ’ਚ ਬਿਜਲੀ ਦੀ ਮੰਗ ਅਸਮਾਨੀਂ ਚੜ੍ਹ ਗਈ ਹੈ। ਅੱਗ ਉਗਲਦੀ ਗਰਮੀ ਤੇ 44 ਡਿਗਰੀ ਤੱਕ ਪਹੁੰਚੇ ਪਾਰੇ ਨੇ ਪਾਵਰਕਾਮ ਦੇ ਸਾਹ ਸੁਕਾ ਦਿੱਤੇ ਹਨ। ਮੰਗਲਵਾਰ ਨੂੰ ਸੂਬੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 15,400 ਮੈਗਾਵਾਟ ਤੱਕ ਦਰਜ ਕੀਤੀ ਗਈ, ਜੋ ਕਿ ਚਾਲੂ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਝੋਨੇ ਦੀ ਲੁਆਈ ਤੇ ਰਿਕਾਰਡ ਤੋੜ ਗਰਮੀ ਦੇ ਦੋਹਰੇ ਵਾਰ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੁੜ੍ਹਕਾ ਲਿਆ ਦਿੱਤਾ ਹੈ।
ਸੂਬਾ ਸਰਕਾਰ ਵੱਲੋਂ ਉਲੀਕੀ ਰਣਨੀਤੀ ਤਹਿਤ 9 ਜੂਨ ਤੋਂ ਤੀਜੇ ਤੇ ਆਖਰੀ ਪੜਾਅ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਇਸ ਪੜਾਅ ਅਧੀਨ ਸੂਬੇ ਦੇ 10 ਮੁੱਖ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ’ਚ ਕਿਸਾਨਾਂ ਨੇ ਖੇਤਾਂ ਵਿਚ ਕੱਦੂ ਕਰ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਅੱਤ ਦੀ ਗਰਮੀ ਕਾਰਨ ਫਿਲਹਾਲ ਲੁਆਈ ਦੀ ਰਫ਼ਤਾਰ ਕੁਝ ਧੀਮੀ ਹੈ, ਪਰ ਆਉਣ ਵਾਲੇ ਦਿਨਾਂ ’ਚ ਇਸ ਦੇ ਤੇਜ਼ ਹੋਣ ਨਾਲ ਬਿਜਲੀ ਦੀ ਮੰਗ ’ਚ ਹੋਰ ਵੀ ਵੱਡਾ ਉਛਾਲ ਆਉਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਇਕ ਜੂਨ ਨੂੰ ਪਹਿਲੇ ਪੜਾਅ ਤਹਿਤ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ’ਚ ਕੰਮ ਸੁਖਾਵੇਂ ਮਾਹੌਲ ’ਚ ਨੇਪਰੇ ਚੜ੍ਹਿਆ ਸੀ। ਦੂਜੇ ਪੜਾਅ ’ਚ 5 ਜੂਨ ਤੋਂ ਫ਼ਰੀਦਕੋਟ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫ਼ਾਜ਼ਿਲਕਾ ’ਚ ਲੁਆਈ ਸ਼ੁਰੂ ਹੋਈ। ਪਹਿਲੇ ਦੋ ਪੜਾਵਾਂ ਦੌਰਾਨ ਬਿਜਲੀ ਦੀ ਮੰਗ 14,200 ਮੈਗਾਵਾਟ ਦੇ ਆਸ-ਪਾਸ ਸੀ, ਪਰ ਤੀਜਾ ਪੜਾਅ ਸ਼ੁਰੂ ਹੁੰਦੇ ਹੀ ਇਸ ਵਿੱਚ 1,300 ਮੈਗਾਵਾਟ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ।
ਬਾਹਰੀ ਸਰੋਤਾਂ 'ਤੇ ਨਿਰਭਰਤਾ ਵਧੀ
ਮੰਗਲਵਾਰ ਨੂੰ ਪੈਦਾ ਹੋਈ ਰਿਕਾਰਡ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਆਪਣੇ ਸਰਕਾਰੀ ਤੇ ਨਿੱਜੀ ਥਰਮਲ ਤੇ ਹਾਈਡ੍ਰੋ ਪਲਾਂਟਾਂ ਤੋਂ ਸਿਰਫ਼ 5,200 ਮੈਗਾਵਾਟ ਬਿਜਲੀ ਹਾਸਿਲ ਕੀਤੀ। ਜਦਕਿ ਬਾਕੀ ਰਹਿੰਦੀ 10,000 ਮੈਗਾਵਾਟ ਦੇ ਕਰੀਬ ਬਿਜਲੀ ਬਾਹਰੀ ਸ੍ਰੋਤਾਂ ਤੋਂ ਖ਼ਰੀਦ ਕੇ ਸਪਲਾਈ ਲਾਈਨ ਨੂੰ ਚੱਲਦਾ ਰੱਖਿਆ ਗਿਆ। ਸੂਬੇ ਦੇ ਅੰਦਰੂਨੀ ਉਤਪਾਦਨ ਦੇ ਅੰਕੜਿਆਂ ਮੁਤਾਬਕ ਸਰਕਾਰੀ ਖੇਤਰ ਰੋਪੜ ਪਲਾਂਟ ਤੋਂ 382 ਮੈਗਾਵਾਟ, ਲਹਿਰਾ ਮੁਹੱਬਤ ਤੋਂ 803 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਪਲਾਂਟ ਤੋਂ 498 ਮੈਗਾਵਾਟ (ਕੁੱਲ 1,682 ਮੈਗਾਵਾਟ) ਬਿਜਲੀ ਮਿਲੀ। ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਤੋਂ 1,314 ਮੈਗਾਵਾਟ ਅਤੇ ਤਲਵੰਡੀ ਸਾਬੋ ਪਲਾਂਟ ਤੋਂ 1,343 ਮੈਗਾਵਾਟ ਬਿਜਲੀ ਦਾ ਉਤਪਾਦਨ ਦਰਜ ਕੀਤਾ ਗਿਆ।
ਦੋ ਹਫ਼ਤੇ ਪਾਵਰਕਾਮ ਲਈ ਬੇਹੱਦ ਚੁਣੌਤੀ ਪੂਰਨ ਵਾਲੇ ਰਹਿਣਗੇ
ਬਿਜਲੀ ਮੰਗ ਵਿਚ ਰਿਕਾਰਡ ਵਾਧੇ ਦਾ ਅਨੁਮਾਨ ਆਉਣ ਵਾਲੇ ਦੋ ਹਫ਼ਤੇ ਪਾਵਰਕਾਮ ਲਈ ਬੇਹੱਦ ਚੁਣੌਤੀ ਪੂਰਨ ਰਹਿਣ ਵਾਲੇ ਹਨ, ਕਿਉਂਕਿ ਖੇਤੀਬਾੜੀ ਸੈਕਟਰ ਨੂੰ ਨਿਰੰਤਰ 8 ਘੰਟੇ ਬਿਜਲੀ ਦੇਣ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਵੀ ਕੱਟਾਂ ਤੋਂ ਬਚਾਉਣਾ ਇੱਕ ਵੱਡੀ ਪ੍ਰੀਖਿਆ ਹੋਵੇਗਾ। ਪਾਵਰਕਾਮ ਦੇ ਮਾਹਰਾਂ ਮੁਤਾਬਕ ਅਸਲ ਪ੍ਰੀਖਿਆ ਹੁਣ ਸ਼ੁਰੂ ਹੋਈ ਹੈ। ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 17,500 ਮੈਗਾਵਾਟ ਤੱਕ ਪਹੁੰਚੀ ਸੀ, ਜਦੋਂਕਿ ਇਸ ਵਾਰ ਇਹ ਅੰਕੜਾ 18,000 ਮੈਗਾਵਾਟ ਨੂੰ ਪਾਰ ਕਰਨ ਦਾ ਅਨੁਮਾਨ ਹੈ। ਜੇਕਰ ਪਿਛਲੇ ਸਾਲਾਂ 'ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਵੇਖੀ ਗਈ ਸੀ, ਜਦੋਂਕਿ ਸਾਲ 2024 ਵਿੱਚ ਇਹ 15,700 ਮੈਗਾਵਾਟ ਤੱਕ ਸੀ।
ਅਗਲੇ ਦਿਨਾਂ ’ਚ ਜ਼ੋਰ ਫੜੇਗਾ ਝੋਨਾ ਲੁਆਈ ਦਾ ਕੰਮ
ਪਟਿਆਲਾ ਸਮੇਤ 10 ਜ਼ਿਲ੍ਹਿਆਂ ਵਿਚ ਭਾਵੇਂ ਸਰਕਾਰ ਵਲੋਂ ਝੋਨੇ ਦੀ ਲੁਆਈ ਲਈ 9 ਜੂਨ ਤਰੀਕ ਤੈਅ ਕੀਤੀ ਗਈ ਹੈ। ਪਰ ਬਹੁਤੇ ਖੇਤਰਾਂ ਦੇ ਕਿਸਾਨਾਂ ਇਸ ਲਈ ਪੂਰੀ ਤਿਆਰ ਨਹੀਂ ਹਨ, ਜਿਸ ਕਰਕੇ ਇਨਾ ਖੇਤਰਾਂ ਵਿਚ ਲਵਾਈ ਦਾ ਕੰਮ ਅਗਲੇ ਹਫ਼ਤੇ ਤੋਂ ਜ਼ੋਰ ਫੜੇਗਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ਦੇ ਕਿਸਾਨ ਨੈਬ ਸਿੰਘ, ਪਿੰਡ ਬੋਸਰ ਦੇ ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਲ੍ਹੇ ਵਿਚ ਜਿਆਦਾਤਰ ਕਿਸਾਨਾਂ ਨੇ ਪਨੀਰੀ ਦੇਰੀ ਨਾਲ ਬੀਜੀ ਹੈ ਤੇ ਪੁਰੀ ਤਰ੍ਹਾਂ ਤਿਆਰ ਨਹੀਂ ਹੋਈ ਹੈ, ਇਸਦੇ ਨਾਲ ਹੀ ਤਪਸ਼ ਵੀ ਵੱਧ ਹੈ। ਝੋਨੇ ਦੀ ਲਵਾਈ ਦਾ ਕੰਮ ਹਜੇ ਮੱਠਾ ਹੀ ਹੈ ਪਰ ਅਗਲੇ ਪੰਜ ਦਿਨਾਂ ’ਚ ਤੇਜ਼ੀ ਆਵੇਗੀ, ਖੇਤ ਤੇ ਪਨੀਰੀ ਪੂਰੀ ਤਰ੍ਹਾਂ ਤਿਆਰ ਹੋਣਗੇ ਤੇ ਤਾਪਮਾਨ ’ਚ ਥੋੜ੍ਹੀ ਗਿਰਾਵਟ ਦਾ ਅਨੁਮਾਨ ਹੈ।