- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਵਿੱਚ ਬਿਜਲੀ ਦੀ ਇਸ ਬੇਮਿਸਾਲ ਮੰਗ ਦੇ ਪਿੱਛੇ ਦੋ ਮੁੱਖ ਕਾਰਨ ਸਾਹਮਣੇ ਆ ਰਹੇ ਹਨ। ਝੋਨੇ ਦੀ ਲਵਾਈ ਦਾ ਕੰਮ ਆਖਰੀ ਪੜਾਅ ਵਿੱਚ ਹੋਣ ਕਾਰਨ ਖੇਤਾਂ ਵਿੱਚ ਪਾਣੀ ਦੀ ਨਿਰੰਤਰ ਲੋੜ ਹੈ। ਕਿਸਾਨਾਂ ਵੱਲੋਂ ਫ਼ਸਲ ਨੂੰ ਸੁੱਕਣ ਤੋਂ ਬਚਾਉਣ ਲਈ ਦਿਨ-ਰਾਤ ਟਿਊਬਵੈੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਖੇਤੀਬਾੜੀ ਸੈਕਟਰ ਵਿੱਚ ਬਿਜਲੀ ਦੀ ਖਪਤ ਅਚਾਨਕ ਬਹੁਤ ਜ਼ਿਆਦਾ ਵਧ ਗਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬ ਵਿੱਚ ਅੱਤ ਦੀ ਗਰਮੀ ਦੇ ਕਹਿਰ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਕਾਰਨ ਬਿਜਲੀ ਦੀ ਖਪਤ ਇਤਿਹਾਸਕ ਪੱਧਰ 'ਤੇ ਪਹੁੰਚ ਗਈ ਹੈ। ਸੂਬੇ ਵਿੱਚ ਝੋਨੇ ਦੀ ਲਵਾਈ ਦੇ ਆਖਰੀ ਪੜਾਅ ਦੇ ਦੂਸਰੇ ਦਿਨ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਮਹਿਜ਼ ਇੱਕੋ ਦਿਨ ਦੇ ਅੰਦਰ ਹੀ ਬਿਜਲੀ ਦੀ ਮੰਗ ਵਿੱਚ 1,000 ਮੈਗਾਵਾਟ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ, ਜਿਸ ਨਾਲ ਪਾਵਰਕਾਮ ਦੇ ਪ੍ਰਬੰਧਾਂ 'ਤੇ ਭਾਰੀ ਦਬਾਅ ਬਣ ਗਿਆ ਹੈ। ਦੂਸਰੇ ਪਾਸੇ ਮੌਸਮ ਮਾਹਰਾਂ ਅਨੁਸਾਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਨਹੀਂ ਪੈਂਦਾ, ਤਾਂ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ, ਜਿਸ ਨਾਲ ਪਾਵਰ ਗ੍ਰਿੱਡ 'ਤੇ ਦਬਾਅ ਹੋਰ ਗੰਭੀਰ ਰੂਪ ਅਖਤਿਆਰ ਕਰ ਸਕਦਾ ਹੈ।
ਸੂਬੇ ਵਿੱਚ ਬਿਜਲੀ ਦੀ ਇਸ ਬੇਮਿਸਾਲ ਮੰਗ ਦੇ ਪਿੱਛੇ ਦੋ ਮੁੱਖ ਕਾਰਨ ਸਾਹਮਣੇ ਆ ਰਹੇ ਹਨ। ਝੋਨੇ ਦੀ ਲਵਾਈ ਦਾ ਕੰਮ ਆਖਰੀ ਪੜਾਅ ਵਿੱਚ ਹੋਣ ਕਾਰਨ ਖੇਤਾਂ ਵਿੱਚ ਪਾਣੀ ਦੀ ਨਿਰੰਤਰ ਲੋੜ ਹੈ। ਕਿਸਾਨਾਂ ਵੱਲੋਂ ਫ਼ਸਲ ਨੂੰ ਸੁੱਕਣ ਤੋਂ ਬਚਾਉਣ ਲਈ ਦਿਨ-ਰਾਤ ਟਿਊਬਵੈੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਖੇਤੀਬਾੜੀ ਸੈਕਟਰ ਵਿੱਚ ਬਿਜਲੀ ਦੀ ਖਪਤ ਅਚਾਨਕ ਬਹੁਤ ਜ਼ਿਆਦਾ ਵਧ ਗਈ ਹੈ। ਸੂਬੇ ਵਿੱਚ ਤਾਪਮਾਨ ਲਗਾਤਾਰ ਉੱਚਾ ਬਣਿਆ ਹੋਇਆ ਹੈ। ਭਾਰੀ ਗਰਮੀ ਅਤੇ ਹੁੰਮਸ ਭਰੇ ਮੌਸਮ ਕਾਰਨ ਘਰੇਲੂ ਖੇਤਰ ਵਿੱਚ ਏ.ਸੀ ਅਤੇ ਕੂਲਰਾਂ ਦੀ ਵਰਤੋਂ ਸਿਖਰ 'ਤੇ ਪਹੁੰਚ ਚੁੱਕੀ ਹੈ, ਜਿਸ ਨੇ ਮੰਗ ਨੂੰ ਹੋਰ ਹਵਾ ਦਿੱਤੀ ਹੈ।
ਪਾਵਰਕਾਮ ਲਈ ਪ੍ਰੀਖਿਆ ਦੀ ਘੜੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਇਸ ਅਥਾਹ ਮੰਗ ਦੀ ਪੂਰਤੀ ਕਰਨਾ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਇੱਕੋ ਦਿਨ ਵਿੱਚ 1,000 ਮੈਗਾਵਾਟ ਮੰਗ ਵਧਣ ਨਾਲ ਪਾਵਰ ਗ੍ਰਿੱਡਾਂ 'ਤੇ ਲੋਡ ਬਹੁਤ ਜ਼ਿਆਦਾ ਵੱਧ ਗਿਆ ਹੈ। ਹਾਲਾਂਕਿ, ਪਾਵਰਕਾਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਸੂਬੇ ਦੇ ਆਪਣੇ ਥਰਮਲ ਪਲਾਂਟਾਂ ਅਤੇ ਬਾਹਰੀ ਸਰੋਤਾਂ ਤੋਂ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਬਣਾਈ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਖੇਤੀਬਾੜੀ ਅਤੇ ਘਰੇਲੂ ਖੇਤਰ, ਦੋਵਾਂ ਨੂੰ ਨਿਰਵਿਘਨ ਬਿਜਲੀ ਮਿਲ ਸਕੇ। ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਕੇਂਦਰੀ ਪੂਲ ਤੋਂ ਵੱਡੀ ਮਾਤਰਾ ‘ਚ ਲੈਣੀ ਪੈ ਰਹੀ ਬਿਜਲੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਵਧਦੀ ਮੰਗ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਵੱਡੀ ਮਾਤਰਾ ਵਿੱਚ ਬਿਜਲੀ ਲੈਣੀ ਪੈ ਰਹੀ ਹੈ। ਸਰਕਾਰੀ ਖੇਤਰ ਦੇ ਦੋ ਥਰਮਲਾਂ ਦੇ ਤਿੰਨ ਯੂਨਿਟ ਬੰਦ ਹੋਣ ਕਾਰਨ ਪੰਜਾਬ ਦੇ ਆਪਣੇ ਸਰੋਤਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਵਿੱਚ ਕਰੀਬ 690 ਮੈਗਾਵਾਟ ਦੀ ਕਮੀ ਆਈ ਹੈ। ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਦੋ ਯੂਨਿਟ ਇਸ ਵੇਲੇ ਬੰਦ ਹਨ। ਦੋ ਦਿਨ ਪਹਿਲਾਂ 210 ਮੈਗਾਵਾਟ ਦਾ ਯੂਨਿਟ ਨੰਬਰ ਪੰਜ ਬੰਦ ਕੀਤਾ ਗਿਆ ਹੈ। ਜਦਕਿ ਯੂਨਿਟ ਨੰਬਰ ਚਾਰ ਤਕਨੀਕੀ ਖਰਾਬੀ ਕਰਕੇ ਬੰਦ ਹੈ। ਨਤੀਜੇ ਵਜੋਂ ਪਲਾਂਟ ਤੋਂ ਹੋਣ ਵਾਲੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਆਈ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੀ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਇਸ ਪਲਾਂਟ ਵਿੱਚ ਪਹਿਲਾਂ ਵੀ ਕਈ ਵਾਰ ਤਕਨੀਕੀ ਨੁਕਸ ਸਾਹਮਣੇ ਆ ਚੁੱਕੇ ਹਨ। ਅੱਜ ਇਸ ਦਾ ਇੱਕ 270 ਮੈਗਾਵਾਟ ਦਾ ਯੂਨਿਟ ਨੰਬਰ ਚਾਰ ਬੰਦ ਹੋ ਗਿਆ।