ਪੀਯੂ ਵੱਲੋਂ ਪੀਟੀਏ ਅਧਿਆਪਕਾਂ ਨੂੰ ਰਿਲੀਵ ਕਰਨ ਦਾ ਫਰਮਾਨ ਜਾਰੀ
ਪੀਯੂ ਵੱਲੋਂ ਪੀਟੀਏ ਅਧਿਆਪਕਾਂ ਨੂੰ ਰਿਲੀਵ ਕਰਨ ਦਾ ਫਰਮਾਨ ਜਾਰੀ
Publish Date: Sat, 09 May 2026 04:08 PM (IST)
Updated Date: Sat, 09 May 2026 04:08 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਕਾਂਸਟੀਚਿਊਟ ਕਾਲਜਾਂ ਵਿਚ ਕਾਫ਼ੀ ਲੰਬੇ ਸਮੇ ਤੋਂ ਪੀਟੀਏ ਅਧਿਆਪਕ ਵਜੋਂ ਕੰਮ ਕਰ ਰਹੇ ਅਧਿਆਪਕ ਅੱਜ ਕੱਲ ਡੂੰਘੇ ਮਾਨਸਿਕ ਤਨਾਅ ਤੇ ਆਰਥਿਕ ਤੰਗੀ ’ਚੋਂ ਗੁਜਰ ਰਹੇ ਹਨ। ਯੂਨੀਵਰਸਿਟੀ ਵੱਲੋਂ ਤਾਜ਼ਾ ਫਰਮਾਨ ਜਾਰੀ ਕਰਦੇ ਹੋਏ ਪੀਟੀਏ ਅਧਿਆਪਕਾਂ ਨੂੰ 16 ਮਈ ਤੋ ਰਿਲੀਵ ਕਰਨਾ ਤੈਅ ਕਰ ਦਿੱਤਾ ਹੈ ਜਦ ਕਿ ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜਾਂ ਵਿਚ 16 ਮਈ ਤੋ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਸਿੰਡੀਕੇਟ ਦੇ ਫੈਸਲੇ ਦੀ ਉਲੰਘਣਾ ਕਰ ਰਹੀ ਹੈ ਜਿਸ ਅਨੁਸਾਰ ਪੀਟੀਏ ਅਧਿਆਪਕਾਂ ਨੂੰ ਜੂਨ ਦੀਆਂ ਛੁੱਟੀਆਂ ਤੋ ਇਲਾਵਾ ਰਿਲੀਵ ਕਰਨਾ ਗੈਰ ਸੰਵਿਧਾਨਿਕ ਤੇ ਪੀਟੀਏ ਅਧਿਆਪਕਾਂ ਦੇ ਹੱਕਾਂ ’ਤੇ ਸਿੱਧਾ ਸਿੱਧਾ ਡਾਕਾ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਅਧੀਨ 13 ਕਾਲਜ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ, ਐੱਸਬੀਐੱਸਬੀ ਐਮ ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ (ਮਾਨਸਾ ) ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ(ਲੜਕੀਆਂ) ਮਾਨਸਾ, ਯੂਨੀਵਰਸਿਟੀ ਕਾਲਜ ਬਹਾਦੁਰਪੁਰ(ਮਾਨਸਾ), ਯੂਨੀਵਰਸਿਟੀ ਕਾਲਜ ਬਰਨਾਲਾ, ਯੂਨੀਵਰਸਿਟੀ ਕਾਲਜ ਬੇਨੜਾ (ਧੂਰੀ), ਯੂਨੀਵਰਸਿਟੀ ਕਾਲਜ ਚੁਨੀ ਕਲਾਂ, ਯੂਨੀਵਰਸਿਟੀ ਕਾਲਜ, ਢਿੱਲਵਾਂ, ਯੂਨੀਵਰਸਿਟੀ ਕਾਲਜ ਘਨੌਰ, ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ), ਯੂਨੀਵਰਸਿਟੀ ਕਾਲਜ ਜੈਤੋ, ਯੂਨੀਵਰਸਿਟੀ ਕਾਲਜ ਮੀਰਾਂਪੁਰ ਤੇ ਯੂਨੀਵਰਸਿਟੀ ਕਾਲਜ ਮੂਨਕ ਵਿੱਚ ਪੀ ਟੀ ਏ ਅਧਿਆਪਕ ਪੜ੍ਹਾਉਂਦੇ ਹਨ। ਯੂਨੀਵਰਸਿਟੀ ਵੱਲੋ ਕੱਢੇ ਮੰਦਭਾਗੇ ਫਰਮਾਨ ਨਾਲ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਤੇ ਦਾਖਲਿਆਂ ਤੇ ਬੁਰਾ ਅਸਰ ਪਵੇਗਾ।